ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਪਰੈਲ
ਦਿੱਲੀ ਪ੍ਰਦੇਸ਼ ਭਾਜਪਾ ਵੱਲੋਂ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਖ਼ਿਲਾਫ਼ ਜੰਤਰ-ਮੰਤਰ ’ਤੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੋ ਬਿਆਨ ਪੰਜਾਬ ਚੋਣਾਂ ਤੋਂ ਠੀਕ ਪਹਿਲਾਂ ਦਿੱਤਾ ਸੀ ਕਿ ਈਡੀ ਸਤਿੰਦਰ ਜੈਨ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ, ਉਹ ਕੋਈ ਅਚਨਚੇਤ ਬਿਆਨ ਨਹੀਂ ਸੀ ਦਿੱਤਾ, ਸਗੋਂ ਉਹ ਜਾਣਦੇ ਸਨ ਕਿ ਇਹ ਹਕੀਕਤ ਵਿੱਚ ਹੋ ਸਕਦਾ ਹੈ।
ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਦੋਸ਼ ਲਾਇਆ ਕਿ ਉਕਤ ਬਿਆਨ ਅਚਨਚੇਤ ਨਹੀਂ ਸੀ ਦਿੱਤਾ ਗਿਆ ਸਗੋਂ ਉਹ ਜਾਣਦੇ ਸਨ ਕਿ ਉਨ੍ਹਾਂ ਦੇ ਮੰਤਰੀ ਨੇ ਕਥਿਤ ਭ੍ਰਿਸ਼ਟਾਚਾਰ ਕੀਤਾ ਹੈ ਅਤੇ ਮੰਤਰੀ ਦੇ ਸਰਪ੍ਰਸਤ ਕੇਜਰੀਵਾਲ ਖ਼ੁਦ ਹੀ ਹਨ। ਸਤਿੰਦਰ ਜੈਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ’ਤੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ਸਤਿੰਦਰ ਜੈਨ ਦੇ ਘਪਲੇ ਸਾਬਤ ਹੋਣ ’ਤੇ ਵੀ ਉਸ ਨੂੰ ਮੰਤਰੀ ਬਣਾ ਕੇ ਇਮਾਨਦਾਰੀ ਦਾ ਗੁਣਗਾਨ ਕਰਨ ਵਾਲੇ ਕੇਜਰੀਵਾਲ ਕਿਹੜੀ ਮਜਬੂਰੀ ’ਚ ਹਨ। ਸ੍ਰੀ ਗੁਪਤਾ ਨੇ ਕਿਹਾ ਕਿ ਹਵਾਲਾ ਡੀਲਰਾਂ ਤੋਂ 16.39 ਕਰੋੜ ਰੁਪਏ ਦੇ ਲੈਣ-ਦੇਣ ਦਾ ਖੁਲਾਸਾ ਹੋਣ ਦੇ ਬਾਵਜੂਦ ਕੇਜਰੀਵਾਲ ਨੇ ਜੈਨ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਨਹੀਂ ਕੀਤਾ ਅਤੇ ਨਾ ਹੀ ਇਸ ਮੁੱਦੇ ’ਤੇ ਕੇਜਰੀਵਾਲ ਦੇ ਪੱਖ ਤੋਂ ਕੋਈ ਸ਼ਬਦ ਸਾਹਮਣੇ ਆਇਆ ਹੈ।
ਦੂਜੇ ਰਾਜਾਂ ਵਿੱਚ ਹਿਮਾਚਲ ਅਤੇ ਗੁਜਰਾਤ ਵਿੱਚ ਜਾ ਕੇ ਇਮਾਨਦਾਰ ਸਰਕਾਰ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਹਨ ਪਰ ਇਹ ਕਹਿਣ ਵਿੱਚ ਸ਼ਰਮ ਕਿਉਂ ਆਉਂਦੀ ਹੈ ਕਿ ਤੁਹਾਡੇ ਹੀ ਕੱਟੜ ਇਮਾਨਦਾਰ ਮੰਤਰੀ ਜੈਨ ਦੀ ਕਰੋੜਾਂ ਰੁਪਏ ਦੀ ਧੋਖਾਧੜੀ ਬਾਰੇ ਈਡੀ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਨੇ ਕੇਜਰੀਵਾਲ ਸਰਕਾਰ ਤੋਂ ਮੰਗ ਕੀਤੀ ਕਿ ਮੰਤਰੀ ਮੰਡਲ ਤੋਂ ਬਰਖ਼ਾਸਤ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਜੈਨ ਨੂੰ ਇਕ ਸਾਲ ਤੋਂ ਪਹਿਲਾਂ ਜ਼ਮਾਨਤ ਨਾ ਦਿੱਤੀ ਜਾਵੇ। ਇਸ ਮੌਕੇ ਸੰਸਦ ਮੈਂਬਰ ਹੰਸਰਾਜ ਹੰਸ, ਅਸਾਮ ਦੇ ਸਹਿ-ਇੰਚਾਰਜ ਪਵਨ ਸ਼ਰਮਾ, ਜੰਮੂ-ਕਸ਼ਮੀਰ ਦੇ ਸਹਿ-ਇੰਚਾਰਜ ਅਸ਼ੀਸ਼ ਸੂਦ, ਵਿਧਾਇਕ ਅਤੇ ਸਾਬਕਾ ਸੂਬਾ ਪ੍ਰਧਾਨ ਵਿਜੇਂਦਰ ਗੁਪਤਾ, ਜ਼ਿਲ੍ਹਾ ਤੇ ਮੰਡਲ ਵਰਕਰ ਹਾਜ਼ਰ ਸਨ।