ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜਨਵਰੀ
ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਹਰਸ਼ ਮਲਹੋਤਰਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਆਮ ਆਦਮੀ ਪਾਰਟੀ ਦੇ ਆਗੂ ਦੁਰਗੇਸ਼ ਪਾਠਕ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਦੁਰਗੇਸ਼ ਪਾਠਕ ਮੀਡੀਆ ਵਿੱਚ ਉਨ੍ਹਾਂ ’ਤੇ ਬੇਬੁਨਿਆਦ ਦੋਸ਼ ਲਗਾਉਣ ਲਈ ਮੁਆਫੀ ਮੰਗਣ ਜਾਂ ਕਾਨੂੰਨੀ ਨਤੀਜੇ ਭੁਗਤਣ ਲਈ ਤਿਆਰ ਰਹਿਣ। ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਤੇ ਆਦੇਸ਼ ਗੁਪਤਾ ਦੇ ਵਕੀਲ ਸ੍ਰੀ ਕੇ ਤਿਆਗੀ ਵੀ ਪ੍ਰੈੱਸ ਕਾਨਫਰੰਸ ’ਚ ਮੌਜੂਦ ਸਨ।
ਸ੍ਰੀ ਮਲਹੋਤਰਾ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਦਿੱਲੀ ਭਾਜਪਾ ਨੇ ਲੋਕਾਂ ਵਿੱਚ ਇਹ ਸਥਾਪਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਦਿੱਲੀ ਜਲ ਬੋਰਡ ਅਤੇ ਨਵੀਂ ਸ਼ਰਾਬ ਨੀਤੀ ਵਰਗੇ ਘਪਲਿਆਂ ਵਿੱਚ ਸ਼ਾਮਲ ਹਨ। ਆਮ ਆਦਮੀ ਪਾਰਟੀ ਹੁਣ ਆਦੇਸ਼ ਗੁਪਤਾ ਉਪਰ ਨਿੱਜੀ ਦੋਸ਼ ਲਗਾ ਰਹੇ ਹਨ। ਮਲਹੋਤਰਾ ਨੇ ਕਿਹਾ ਕਿ ਦੁਰਗੇਸ਼ ਪਾਠਕ ਸਮੇਤ ਹੋਰ ‘ਆਪ’ ਆਗੂਆਂ ਨੂੰ ਬੇਬੁਨਿਆਦ ਦੋਸ਼ ਲਾਉਣ ਦੀ ਆਦਤ ਹੈ। ਦਰਅਸਲ, ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਖੁਦ ਭਾਜਪਾ ਦੇ ਸੀਨੀਅਰ ਨੇਤਾਵਾਂ ਅਰੁਣ ਜੇਤਲੀ ਅਤੇ ਨਿਤਿਨ ਗਡਕਰੀ ’ਤੇ ਪਹਿਲਾਂ ਦੋਸ਼ ਲਗਾਉਣ ਅਤੇ ਬਾਅਦ ਵਿੱਚ ਉਨ੍ਹਾਂ ਤੋਂ ਮੁਆਫੀ ਮੰਗਣ ਦੇ ਰਿਕਾਰਡ ’ਤੇ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਭਾਜਪਾ ਨੇ ਦੁਰਗੇਸ਼ ਪਾਠਕ ਵੱਲੋਂ ਆਦੇਸ਼ ਗੁਪਤਾ ਵਿਰੁੱਧ ਵਾਰ-ਵਾਰ ਦਿੱਤੇ ਗਏ ਬਿਆਨਾਂ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਹੁਣ ਉਹ ਜਾਂ ਤਾਂ ਮੁਆਫ਼ੀ ਮੰਗੇ ਜਾਂ ਫਿਰ ਮਾਣਹਾਨੀ ਐਕਟ ਤਹਿਤ ਕਾਰਵਾਈ ਦਾ ਸਾਹਮਣਾ ਕਰਨ। ਉਨ੍ਹਾਂ ਇਹ ਵੀ ਚੇਤੇ ਕਰਵਾਇਆ ਕਿ ਐੱਮਸੀਡੀ ਖ਼ਿਲਾਫ਼ ਬੇਬੁਨਿਆਦ ਦੋਸ਼ ਲਾਉਣ ਤੋਂ ਇਲਾਵਾ ‘ਆਪ’ ਆਗੂ ਦੁਰਗੇਸ਼ ਪਾਠਕ ਇੱਕ ਨਿਊਜ਼ ਵੀਡੀਓ ਕਲਿੱਪ ਦੀ ਦੁਰਵਰਤੋਂ ਕਰਕੇ ਭਾਜਪਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵਿੱਚ ਸ਼ਾਮਲ ਹੈ।
ਭਾਜਪਾ ਸਕੂਲ ਦੀ ਜ਼ਮੀਨ ਵੇਚਣ ਤੁਰੀ: ਕਾਂਗਰਸ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਭਾਜਪਾ ਦੇ ਸ਼ਾਸ਼ਨ ਵਾਲੇ ਦਿੱਲੀ ਨਗਰ ਨਿਗਮ ਦੇ 15 ਸਾਲਾਂ ਦੇ ਕਾਰਜਕਾਲ ਦੌਰਾਨ ਪ੍ਰਾਇਮਰੀ ਸਿੱਖਿਆ ਲਈ ਕੋਈ ਸਕੂਲ ਨਹੀਂ ਬਣਾਇਆ ਗਿਆ ਪਰ ਉੱਤਰੀ ਦਿੱਲੀ ਨਗਰ ਨਿਗਮ ਕਰੋਲ ਬਾਗ ਵਿੱਚ ਲੈਂਡ ਮਾਫੀਆ ਨਾਲ ਮਿਲ ਕੇ ਵਪਾਰਕ ਪ੍ਰਾਜੈਕਟਾਂ ਲਈ ਵਰਗ ਮੀਟਰ ਜ਼ਮੀਨ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਕੂਲ 2019 ਵਿੱਚ ਬੰਦ ਹੋ ਗਿਆ ਸੀ, ਜਿਸ ਵਿੱਚ 800 ਬੱਚੇ ਪੜ੍ਹਦੇ ਸਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸਿੱਖਿਆ ਅਤੇ ਸਕੂਲ ਖੋਲ੍ਹਣ ਦੇ ਮਾਮਲੇ ਵਿੱਚ ਭਾਜਪਾ ਅਤੇ ਆਮ ਆਦਮੀ ਪਾਰਟੀ ਇੱਕੋ-ਸਿੱਕੇ ਦੇ ਦੋ ਪਹਿਲੂ ਹਨ ਕਿਉਂਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ 500 ਸਕੂਲ ਖੋਲ੍ਹਣ ਦਾ ਐਲਾਨ ਕੀਤਾ ਸੀ ਪਰ ਕੇਜਰੀਵਾਲ ਸਰਕਾਰ ਵੀ ਨਵੇਂ ਸਕੂਲ ਨਹੀਂ ਖੋਲ੍ਹ ਸਕੀ। ਅਨਿਲ ਕੁਮਾਰ ਨੇ ਕਿਹਾ ਕਿ ਡੀਡੀਏ ਨੇ ਸਕੂਲ ਖੋਲ੍ਹਣ ਲਈ, ਜੋ ਜ਼ਮੀਨ ਨਿਗਮ ਨੂੰ ਦਿੱਤੀ ਸੀ, ਉਸ ਨੂੰ ਭਾਜਪਾ ਹੁਣ ਭੂ-ਮਾਫੀਆ ਨਾਲ ਮਿਲ ਕੇ ਮਲਟੀ ਲੈਵਲ ਪਾਰਕਿੰਗ ਦੇ ਨਾਂ ’ਤੇ ਵੇਚਣ ਜਾ ਰਹੀ ਹੈ।