ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਮਈ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਤਿੰਨ ਨਗਰ ਨਿਗਮਾਂ ’ਤੇ ਰਾਜ ਕਰ ਰਹੀ ਭਾਜਪਾ 1,750 ਗੈਰ-ਕਾਨੂੰਨੀ,ਅਨਿਯਮਿਤ ਤੇ 860 ਝੁੱਗੀ-ਝੌਂਪੜੀ ਕਲੋਨੀਆਂ ਵਿੱਚ ਉਸਾਰੀਆਂ ਨੂੰ ਢਾਹ ਦੇਣ ਦੀ ਯੋਜਨਾ ਬਣਾ ਰਹੀ ਹੈ। ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਸੋਦੀਆ ਨੇ ਇਹ ਵੀ ਕਿਹਾ ਕਿ ਭਾਜਪਾ ਸ਼ਾਸਿਤ ਦੱਖਣ, ਉੱਤਰ ਤੇ ਪੂਰਬ ਨਗਰ ਪਾਲਿਕਾਵਾਂ ਨੇ ਪਿਛਲੇ ਦੋ ਸਾਲਾਂ ਵਿੱਚ ਲਗਪਗ ਤਿੰਨ ਲੱਖ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ 17 ਸਾਲਾਂ ਵਿੱਚ ਨਗਰ ਨਿਗਮਾਂ ਵਿੱਚ ਭਾਜਪਾ ਦੇ ਨੇਤਾਵਾਂ, ਕੌਂਸਲਰਾਂ ਤੇ ਮੇਅਰਾਂ ਅਤੇ ਇੰਜਨੀਅਰਾਂ ਨੇ ਗੈਰ-ਕਾਨੂੰਨੀ ਉਸਾਰੀਆਂ ਨੂੰ ਵਧਣ-ਫੁੱਲਣ ਦੀ ਇਜਾਜ਼ਤ ਦੇ ਕੇ ਪੈਸਾ ਇਕੱਠਾ ਕੀਤਾ ਹੈ ਤਾਂ ਜੋ ਹੁਣ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਾਜਪਾ ਨੇ 1,750 ਗੈਰ-ਕਾਨੂੰਨੀ ਕਲੋਨੀਆਂ ਤੇ 860 ਝੁੱਗੀ ਝੋਪੜੀ ਕਲੋਨੀਆਂ ‘ਤੇ ਬੁਲਡੋਜ਼ਰ ਚਲਾਉਣ ਦੀ ਯੋਜਨਾ ਬਣਾਈ ਹੈ।
ਭਾਜਪਾ ਨੂੰ ਪਹਿਲਾਂ ਉਨ੍ਹਾਂ ਦੇ ਕੌਂਸਲਰਾਂ ਦੇ ਘਰਾਂ ‘ਤੇ ਬੁਲਡੋਜ਼ਰ ਚਲਾਉਣਾ ਚਾਹੀਦਾ ਹੈ ਜਿਨ੍ਹਾਂ ਨੇ ਅਜਿਹੀਆਂ ਗੈਰ-ਕਾਨੂੰਨੀ ਉਸਾਰੀਆਂ ਦੀ ਇਜਾਜ਼ਤ ਦਿੱਤੀ। ਉਪ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਕੇਂਦਰ ਨੂੰ ਪੱਤਰ ਲਿਖਣਗੇ। ਉਨ੍ਹਾਂ ਕਿਹਾ ਕਿ ਇਕ ਪਾਸੇ ਕੇਂਦਰ ਗੈਰ-ਕਾਨੂੰਨੀ ਕਲੋਨੀਆਂ ਨੂੰ ਨਿਯਮਤ ਕਰਨ ਦੀ ਗੱਲ ਕਰਦੇ ਹੈ ਜਦਕਿ ਦੂਜੇ ਪਾਸੇ ਭਾਜਪਾ ਦੀ ਐਮਸੀਡੀਜ਼ ਉਸਾਰੀਆਂ ਢਾਹੁਣ ਦੀ ਕਾਰਵਾਈ ਲਈ ਨੋਟਿਸ ਦਿੰਦੀਆਂ ਹਨ।
ਜਦੋਂ ਤੋਂ ਬੁਲਡੋਜ਼ਰ ਚੱਲਿਆ, ਉਦੋਂ ਤੋਂ ‘ਆਪ’ ਆਗੂ ਹੈਰਾਨ
ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਜਦੋਂ ਤੋਂ ਰੋਹਿੰਗਿਆ ਅਤੇ ਬੰਗਲਾਦੇਸ਼ੀਆਂ ਵੱਲੋਂ ਕੀਤੇ ਜਾ ਰਹੇ ਗੈਰ-ਕਾਨੂੰਨੀ ਉਸਾਰੀਆਂ ’ਤੇ ਨਿਗਮ ਦਾ ਬੁਲਡੋਜ਼ਰ ਚੱਲਿਆ ਹੈ ਉਦੋਂ ਤੋਂ ਆਮ ਆਦਮੀ ਪਾਰਟੀ ਦੇ ਆਗੂ ਭਾਵੇਂ ਉਹ ਅਰਵਿੰਦ ਕੇਜਰੀਵਾਲ ਹੋਣ, ਮਨੀਸ਼ ਸਿਸੋਦੀਆ ਜਾਂ ਕੋਈ ਹੋਰ ਆਗੂ ਹੋਣ, ਹਰ ਕੋਈ ਹੈਰਾਨ ਹੈ। ਉਨ੍ਹਾਂ ਨੂੰ ਆਪਣਾ ਵੋਟ ਬੈਂਕ ਖੁਸਣ ਦਾ ਡਰ ਹੈ। ਇਸੇ ਡਰ ਕਾਰਨ ਮਨੀਸ਼ ਸਿਸੋਦੀਆ ਅੱਜ ਪ੍ਰੈੱਸ ਕਾਨਫਰੰਸ ਕਰਕੇ ਝੂਠੀਆਂ ਤੇ ਬੇਬੁਨਿਆਦ ਗੱਲਾਂ ਕਰ ਰਹੇ ਹਨ। ਨਾਜਾਇਜ਼ ਘੁਸਪੈਠ ਕਰਨ ਵਾਲਿਆਂ ਖ਼ਿਲਾਫ਼ ਨਿਗਮ ਦੀ ਕਾਰਵਾਈ ਆਮ ਆਦਮੀ ਪਾਰਟੀ ਨੂੰ ਹਜ਼ਮ ਨਹੀਂ ਹੋ ਰਹੀ ਹੈ। ਮੁਫ਼ਤ ਪਾਣੀ, ਬਿਜਲੀ, ਰਾਸ਼ਨ, ਜ਼ਮੀਨ ਸਮੇਤ 10 ਹਜ਼ਾਰ ਰੁਪਏ ਦੇ ਕੇ ਕੇਜਰੀਵਾਲ ਨੇ ਚੋਣਾਂ ਮੌਕੇ ਜਿਨ੍ਹਾਂ ਘੁਸਪੈਠੀਆਂ ਨੂੰ ਵਸਾਇਆ ਸੀ ਉਨ੍ਹਾਂ ਦਾ ਅੱਜ ਪਰਦਾਫਾਸ਼ ਹੋ ਗਿਆ ਹੈ।