ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਪਰੈਲ
ਦਿੱਲੀ ਪ੍ਰਦੇਸ਼ ਭਾਜਪਾ ਵੱਲੋਂ ਹੁਣ ਦਿੱਲੀ ਦੇ ਉਨ੍ਹਾਂ 40 ਪਿੰਡਾਂ ਦੇ ਨਾਂ ਬਦਲਣ ਦੀ ਮੰਗ ਕੀਤੀ ਗਈ ਹੈ ਜਿਨ੍ਹਾਂ ਦੇ ਨਾਂ ਮੁਗਲ ਕਾਲ ਦੇ ਨਾਂ ਹਨ। ਭਾਜਪਾ ਦੇ ਪ੍ਰਦੇਸ਼ਕ ਪ੍ਰਧਾਨ ਆਦੇਸ਼ ਗੁਪਤਾ ਨੇ ਇੱਕੇ ਅੱਜ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ 9 ਦਸੰਬਰ 2021 ਨੂੰ ਪਿੰਡ ਮੁਹੰਮਦਪੁਰ ਦਾ ਨਾਂ ਬਦਲ ਕੇ ਮਾਧਵਪੁਰ ਕਰਨ ਲਈ ਕੌਂਸਲਰ ਭਗਤ ਸਿੰਘ ਟੌਕਸ ਨੇ ਮਤਾ ਪਾਸ ਕਰਵਾਇਆ ਸੀ ਪਰ ਕੇਜਰੀਵਾਲ ਸਰਕਾਰ ਨੇ ਗੁਲਾਮੀ ਦੇ ਪ੍ਰਤੀਕ ਇਸ ਨਾਂ ਨੂੰ ਬਦਲਣ ਦੀ ਜਹਿਮਤ ਨਹੀਂ ਉਠਾਈ। ਉਨ੍ਹਾਂ ਕਿਹਾ ਕਿ ਪਿੰਡ ਮੁਹੰਮਦਪੁਰ ਤੋਂ ਇਲਾਵਾ 40 ਅਜਿਹੇ ਪਿੰਡਾਂ ਦੇ ਨਿਵਾਸੀਆਂ ਨੇ ਨਾਂ ਬਦਲਣ ਦੀ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਦੱਸਿਆ ਕਿ ਹਮਾਯੂੰਪੁਰ, ਯੂਸਫ ਸਰਾਏ, ਮਸਜਿਦ ਮੋਠ, ਬੇਰ ਸਰਾਏ, ਮਸੂਦਪੁਰ, ਜਮਰੌਦਪੁਰ, ਬੇਗਮਪੁਰ, ਸਾਦੀਲਾ ਜੌਬ, ਫਤਹਿਪੁਰ ਬੇਰੀ, ਹੌਜ਼ ਖਾਸ, ਸ਼ੇਖ ਸਰਾਏ ਆਦਿ ਸਮੇਤ ਹੋਰ ਪਿੰਡਾਂ ਦੇ ਨਾਂ ਵੀ ਸ਼ਾਮਲ ਹਨ, ਜਿਨ੍ਹਾਂ ਦੇ ਨਾਂ ਬਦਲਣ ਲਈ ਮਤਾ ਕੇਜਰੀਵਾਲ ਸਰਕਾਰ ਨੂੰ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ 360 ਪਿੰਡ ਹਨ ਜਿਨ੍ਹਾਂ ਦੇ ਨਾਂ ਵਿਸ਼ੇਸ਼ ਧਰਮ ਨਾਲ ਸਬੰਧਤ ਨਹੀਂ ਹਨ। ਦਿੱਲੀ ਦਿਹਾਤ ਸੰਗਠਨ ਦੇ ਪ੍ਰਧਾਨ ਦੀਵਾਨ ਸਿੰਘ ਨੇ ਦੱਸਿਆ ਕਿ ਔਰੰਗਜੇਬ ਨੇ 16 ਵਾਰ ਦਿੱਲੀ ਵਿੱਚ ਧਰਮ ਤਬਦੀਲ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਸੀ।
ਉਨ੍ਹਾਂ ਕਿਹਾ ਕਿ ਜਿੱਥੇ ਚਾਂਦਨੀ ਚੌਕ ਇਲਾਕਾ ਆਬਾਦ ਹੈ ਉਹ ਥਾਂ ਪਹਾੜੀ ਧੀਰਜਪੁਰ ਪਿੰਡ ਦੀ ਸੀ। ਤਤਕਾਲੀ ਮਾਲੀਆ ਵਿਭਾਗ ਵੱਲੋਂ ਆਪਣੇ ਰਿਕਾਰਡ ਵਿੱਚ ਪਛਾਣ ਲਈ ਪਿੰਡਾਂ ਦੇ ਨਾਂ ਚੜ੍ਹਾ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਨਾਂ ਬਦਲਣਾ ਪਿੰਡਾਂ ਵਾਲਿਆਂ ਦੀ ਮਰਜ਼ੀ ਨਾਲ ਤੈਅ ਹੋਵੇ।