ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਅਗਸਤ
ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਅੱਜ ਰਾਜ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਸਰਕਾਰ ਦੀ ਕਾਰਜਕਾਰੀ ਸ਼ੈਲੀ ਦੀ ਤਿੱਖੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਸੰਕਟ ਵਿਚਕਾਰ ਵੀ ਦਿੱਲੀ ਸਰਕਾਰ ਸਿਹਤ ਸਹੂਲਤਾਂ ਵਿਚ ਸੁਧਾਰ ਕਰਨ ਦੀ ਬਜਾਏ ਇਸ਼ਤਿਹਾਰਾਂ ’ਤੇ ਕਰੋੜਾਂ ਖਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਯੁੱਗ ਵਿੱਚ ਸੂਬਾ ਸਰਕਾਰਾਂ ਸਾਹਮਣੇ ਸੀਮਿਤ ਬਜਟ ਵਿੱਚ ਵਧੇਰੇ ਸਹੂਲਤਾਂ ਦੇਣ ਦੀ ਚੁਣੌਤੀ ਸੀ। ਇਸ ਦੇ ਨਾਲ ਹੀ ਇਸ ਦੌਰ ਵਿਚ ਵੀ ਕੇਜਰੀਵਾਲ ਸਰਕਾਰ ਨੇ ਸਹੂਲਤਾਂ ਦੀ ਬਜਾਏ ਇਸ਼ਤਿਹਾਰਬਾਜ਼ੀ ’ਤੇ ਕਰੋੜਾਂ ਰੁਪਏ ਦਾ ਝੰਡਾ ਗੱਡਿਆ। ਸ੍ਰੀ ਗੁਪਤਾ ਨੇ ਕਿਹਾ ਕਿ ਆਰਟੀਆਈ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੇਜਰੀਵਾਲ ਸਰਕਾਰ ਨੇ ਅਪਰੈਲ ਤੋਂ ਜੁਲਾਈ ਤੱਕ ਦੇ ਕਰੋਨਾ ਸਮੇਂ ਦੌਰਾਨ ਇਸ਼ਤਿਹਾਰਬਾਜ਼ੀ ’ਤੇ 48 ਕਰੋੜ ਰੁਪਏ ਖਰਚ ਕੀਤੇ, ਜੋ ਹਰ ਰੋਜ਼ ਤਕਰੀਬਨ 40 ਲੱਖ ਰੁਪਏ ਬਣਦੇ ਹਨ। ਜੇ ਪਿਛਲੇ ਸਾਲ 2019 ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਕੇਜਰੀਵਾਲ ਸਰਕਾਰ ਨੇ ਇਸ਼ਤਿਹਾਰਬਾਜ਼ੀ ’ਤੇ 200 ਕਰੋੜ ਖਰਚ ਕੀਤੇ, ਜੋ ਪ੍ਰਤੀ ਦਿਨ ਤਕਰੀਬਨ 55 ਲੱਖ ਰੁਪਏ ਬਣਦੇ ਹਨ।
ਭਾਜਪਾ ਨੇ 14 ਜ਼ਿਲ੍ਹਿਆਂ ਦੇ ਪ੍ਰਧਾਨ ਐਲਾਨੇ
ਦਿੱਲੀ ਭਾਜਪਾ ਨੇ ਕੌਮੀ ਰਾਜਧਾਨੀ ਵਿਚ ਆਪਣੀਆਂ 14 ਜ਼ਿਲ੍ਹਾ ਇਕਾਈਆਂ ਦੇ ਨਵੇਂ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਸ਼ਾਹਦਰਾ ਤੋਂ ਰਾਮ ਕਿਸ਼ੋਰ ਸ਼ਰਮਾ ਤੇ ਦੱਖਣੀ ਦਿੱਲੀ ਤੋਂ ਰੋਹਤਾਸ਼ ਬਿਧੂੜੀ ਨੂੰ ਦੁਹਰਾਇਆ। ਹਾਲਾਂਕਿ ਭਾਜਪਾ ਦੇ ਜ਼ਿਲ੍ਹਾ ਪ੍ਰਧਾਨਾਂ ’ਚੋਂ ਕਿਸੇ ਸਿੱਖ ਆਗੂ ਨੂੰ ਥਾਂ ਨਹੀਂ ਦਿੱਤੀ ਗਈ। ਸੂਚੀ ਜਾਰੀ ਕਰਦਿਆਂ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਨਿਯੁਕਤੀਆਂ ਤੁਰੰਤ ਲਾਗੂ ਹੋ ਜਾਣਗੀਆਂ। ਦਿੱਲੀ ਭਾਜਪਾ ਮੀਡੀਆ ਸੈੱਲ ਦੇ ਮੁਖੀ ਅਸ਼ੋਕ ਗੋਇਲ ਨੇ ਕਿਹਾ ਕਿ 14 ਜ਼ਿਲ੍ਹਾ ਇਕਾਈਆਂ ਦੇ ਸਾਰੇ ਨਵੇਂ ਪ੍ਰਧਾਨਾਂ ਦੀ ਵਿਆਪਕ ਸਲਾਹ-ਮਸ਼ਵਰੇ ਤੇ ਫੀਡਬੈਕ ਪ੍ਰਕਿਰਿਆ ਤੋਂ ਬਾਅਦ ਨਿਯੁਕਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੋ ਜ਼ਿਲ੍ਹਾ ਪ੍ਰਧਾਨਾਂ, ਸ਼ਰਮਾ ਤੇ ਬਿਧੂੜੀ ਨੂੰ ਦੁਹਰਾਇਆ ਗਿਆ। ਦਿੱਲੀ ਭਾਜਪਾ ਦੇ ਚੱਲ ਰਹੇ ਸੰਗਠਨਾਤਮਕ ਪੁਨਰਗਠਨ ਵਿਚ ਇਸ ਹਫ਼ਤੇ ਦੇ ਸ਼ੁਰੂ ਵਿਚ 230 ਬਲਾਕ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਪਾਰਟੀ ਨੇਤਾਵਾਂ ਨੇ ਕਿਹਾ ਕਿ ਰਾਜ ਇਕਾਈ ਦੇ ਨਵੇਂ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਜਲਦੀ ਹੀ ਹੋਣ ਦੀ ਸੰਭਾਵਨਾ ਹੈ। ਭਾਜਪਾ ਵੱਲੋਂ ਦਿੱਲੀ ਪ੍ਰਦੇਸ਼ ਇਕਾਈ ਵਿੱਚ ਨਿਯੁਕਤੀਆਂ ਕਰਨ ਪਿੱਛੇ 2022 ਵਿੱਚ ਹੋਣ ਵਾਲੀਆਂ ਨਿਗਮ ਚੋਣਾਂ ਤੋਂ ਪਹਿਲਾਂ ਪਾਰਟੀ ਸਫ਼ਾਂ ਮਜ਼ਬੂਤ ਕਰਨਾ ਦੱਸਿਆ ਜਾ ਰਿਹਾ ਹੈ। ‘ਆਪ’ ਵੱਲੋਂ ਦਿੱਲੀ ਨਗਰ ਨਿਗਮਾਂ ਦੇ ਤਿੰਨਾਂ ਵਿੰਗਾਂ ਉੱਤਰੀ, ਦੱਖਣੀ ਤੇ ਪੂਰਬੀ ਦਿੱਲੀ ਦੇ ਖੇਤਰਾਂ ’ਚੋਂ ਇਹ ਨਵੀਂਆਂ ਨਿਯੁਕਤੀਆਂ ਕਰ ਕੇ ਨਵੇਂ ਚਿਹਰੇ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ।