ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜੂਨ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕੇਜਰੀਵਾਲ ’ਤੇ ਦੋਸ਼ ਲਗਾਇਆ ਕਿ ਕੇਜਰੀਵਾਲ ਸਰਕਾਰ ਦਿੱਲੀ ਵਿੱਚ ਸਫਾਈ ਨਹੀਂ ਚਾਹੁੰਦੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਟਵਿੱਟਰ ’ਤੇ ਹੀ ਸਰਕਾਰ ਚਲਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਜ਼ਮੀਨੀ ਹਕੀਕਤ ਨਾਲ ਕੋਈ ਸਰੋਕਾਰ ਨਹੀਂ ਹੈ। ਦਿੱਲੀ ਦੇ ਪ੍ਰਦੂਸ਼ਣ, ਕੂੜੇ ਦੇ ਢੇਰ ਤੇ ਪ੍ਰਦੂਸ਼ਿਤ ਯਮੁਨਾ ’ਤੇ ਤਿੰਨ ਦਾਗ ਹਨ ਤੇ ਇਨ੍ਹਾਂ ਤਿੰਨਾਂ ਲਈ ਅਰਵਿੰਦ ਕੇਜਰੀਵਾਲ ਹੀ ਜ਼ਿੰਮੇਵਾਰ ਹਨ। ਕੇਜਰੀਵਾਲ ਨੂੰ ‘ਟਵਿੱਟਰ ਮੁੱਖ ਮੰਤਰੀ’ ਕਰਾਰ ਦਿੰਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਤੋਂ ਸਿਰਫ਼ ਟਵੀਟ ਅਤੇ ਹੋਰਡਿੰਗ ਲਗਾ ਕੇ ਕੇਜਰੀਵਾਲ ਅਤੇ ਉਨ੍ਹਾਂ ਦੀ ਸਰਕਾਰ ਨੇ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਕੀਤਾ ਤੇ ਯਮੁਨਾ ਨੂੰ ਸਾਫ਼ ਕੀਤਾ। ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਅਤੇ ਯਮੁਨਾ ਦੀ ਸਫਾਈ ਦੇ ਨਾਂ ’ਤੇ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਪੈਸਾ ਵੀ ਠੱਪ ਹੋ ਗਿਆ। ਕੇਜਰੀਵਾਲ ਨੇ ਕਦੇ ਵੀ ਮੈਦਾਨ ਵਿਚ ਜਾਣ ਦੀ ਖੇਚਲ ਨਹੀਂ ਕੀਤੀ ਕਿਉਂਕਿ ਉਸ ਨੇ ਸਿਰਫ ਰਾਜਨੀਤੀ ਕਰਨੀ ਹੈ, ਉਹ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਅਤੇ ਸਾਫ਼ ਰੱਖਣ ਵਿਚ ਦਿਲਚਸਪੀ ਨਹੀਂ ਰੱਖਦੇ। ਸ੍ਰੀ ਗੁਪਤਾ ਨੇ ਕਿਹਾ ਕਿ ਇੱਕ ਪਾਸੇ ਕੇਜਰੀਵਾਲ ਟਵੀਟ ਕਰਕੇ ਸਾਰਿਆਂ ਨੂੰ ਸਵੱਛਤਾ ਮੁਹਿੰਮ ਵਿੱਚ ਹਿੱਸਾ ਲੈਣ ਦੀ ਅਪੀਲ ਕਰਦੇ ਹਨ, ਪਰ ਜਦੋਂ ਜ਼ਮੀਨ ’ਤੇ ਕੰਮ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਅਤੇ ਉਨ੍ਹਾਂ ਦੀ ਸਰਕਾਰ ਭੱਜ ਜਾਂਦੀ ਹੈ। ਇੱਕ ਤਰ੍ਹਾਂ ਨਾਲ ਕੇਜਰੀਵਾਲ ਨੇ ਇਸ ਸਫ਼ਾਈ ਮੁਹਿੰਮ ਦਾ ਬਾਈਕਾਟ ਕਰਕੇ ਦਿੱਲੀ ਨੂੰ ਜ਼ਲੀਲ ਕੀਤਾ ਹੈ। ਕੇਜਰੀਵਾਲ ਡੈਨਮਾਰਕ ਅਤੇ ਹੋਰ ਦੇਸ਼ਾਂ ਨਾਲ ਕਾਗਜ਼ਾਂ ’ਤੇ ਝੂਠੇ ਸਮਝੌਤੇ ਕਰਦੇ ਰਹਿੰਦੇ ਹਨ ਪਰ ਉਹ ਕਦੇ ਨਹੀਂ ਚਾਹੁੰਦੇ ਕਿ ਯਮੁਨਾ ਸਾਫ ਹੋਵੇ, ਦਿੱਲੀ ਪ੍ਰਦੂਸ਼ਣ ਮੁਕਤ ਹੋਵੇ ਅਤੇ ਕੂੜੇ ਦਾ ਪਹਾੜ ਖਤਮ ਹੋਵੇ।