ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੂਨ
ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਸ਼ਨਗੰਜ ਦੇ ਬਾਬਾ ਬਾਲਕ ਨਾਥ ਮੰਦਿਰ ਤੋਂ ‘ਮਨ ਕੀ ਬਾਤ’ ਦਾ ਪ੍ਰੋਗਰਾਮ ਸੁਣਿਆ। ਇਸ ਮੌਕੇ ਆਦੇਸ਼ ਗੁਪਤਾ ਨੇ ਦੱਸਿਆ ਕਿ ਇਹ ਰਾਸ਼ਟਰ ਦਾ ਵਿਸ਼ਾ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨੂੰ ਦੇਸ਼ਵਾਸੀਆਂ ਸਾਹਮਣੇ ਰੱਖਦੇ ਹਨ।
ਅੱਜ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਮੋਦੀ ਨੇ ਕਿਹਾ ਕਿ ਤਾਲਾਬੰਦੀ ਤੋਂ ਸਫ਼ਲਤਾਪੂਰਵਕ ਬਾਹਰ ਨਿਕਲ ਕੇ ਦੇਸ਼ ਹੁਣ ਤਾਲਾਬੰਦੀ ਖੋਲ੍ਹ ਰਿਹਾ ਹੈ। ਸਾਨੂੰ ਕਰੋਨਾ ਨੂੰ ਹਰਾਉਣਾ ਹੈ ਤੇ ਆਰਥਿਕਤਾ ਨੂੰ ਮਜ਼ਬੂਤ ਕਰਨਾ ਹੈ ਅਤੇ ਇਸ ਨੂੰ ਤਾਕਤ ਦੇਣੀ ਹੈ। ਭਾਰਤ ਦੀ ਭਾਵਨਾ ਭਾਈਚਾਰਾ ਹੈ ਅਸੀਂ ਇਨ੍ਹਾਂ ਆਦਰਸ਼ਾਂ ਨਾਲ ਅੱਗੇ ਵਧਦੇ ਰਹਾਂਗੇ। ਜੇ ਭਾਰਤ ਦੋਸਤੀ ਕਰਨਾ ਜਾਣਦਾ ਹੈ ਤਾਂ ਇਹ ਅੱਖਾਂ ਵਿੱਚ ਵੇਖਣਾ ਤੇ ਉਚਿਤ ਜਵਾਬ ਦੇਣਾ ਜਾਣਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਬੱਚਿਆਂ ਨੂੰ ਕਿਹਾ ਕਿ ‘ਤੁਹਾਨੂੰ ਘਰ ਦੇ ਬਜ਼ੁਰਗਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਬਚਪਨ ਵਿਚ ਉਨ੍ਹਾਂ ਦੇ ਰਹਿਣ-ਸਹਿਣ ਦੇ ਹਾਲਾਤ ਕੀ ਸਨ ਉਹ ਕਿਹੜੀਆਂ ਖੇਡਾਂ ਖੇਡਦੇ ਸਨ’। ਇਸ ਦੌਰਾਨ ਭਾਜਪਾ ਆਗੂਆਂ ਨੇ ਮਨ ਕੀ ਬਾਤ ਪ੍ਰੋਗਰਾਮ ਨੂੰ ਉਤਸ਼ਾਹ ਨਾਲ ਸੁਣਿਆ।
ਇਸ ਮੌਕੇ ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਜੈ ਪ੍ਰਕਾਸ਼, ਰਾਜ ਮੀਡੀਆ ਮੁਖੀ ਅਸ਼ੋਕ ਗੋਇਲ ਦੇਵਰਾਹਾ, ਜ਼ਿਲ੍ਹਾ ਪ੍ਰਧਾਨ ਅਰਵਿੰਦ ਗਰਗ, ਜ਼ਿਲ੍ਹਾ ਜਨਰਲ ਮੰਤਰੀ ਅਜੈ ਭਾਰਦਵਾਜ, ਸਾਬਕਾ ਜਨਰਲ ਮੰਤਰੀ ਪ੍ਰਵੀਨ ਜੈਨ, ਮੰਡਲ ਪ੍ਰਧਾਨ ਜਨਕ ਰਾਜ ਸ਼ਰਮਾ ਤੇ ਹੋਰ ਅਧਿਕਾਰੀ ਹਾਜ਼ਰ ਸਨ।