ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਮਈ
ਇੱਥੇ ਰਾਜਿੰਦਰ ਨਗਰ ਵਿਧਾਨ ਸਭਾ ਹਲਕੇ ਲਈ ਜ਼ਿਮਨੀ ਚੋਣ ਦਾ ਐਲਾਨ ਹੁੰਦਿਆਂ ਹੀ ਭਾਜਪਾ ਆਗੂਆਂ ਨੇ ਟਿਕਟਾਂ ਲੈਣ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ‘ਆਪ’ ਆਗੂ ਰਾਘਵ ਚੱਢਾ ਵੱਲੋਂ ਰਾਜਿੰਦਰ ਨਗਰ ਵਿਧਾਨ ਸਭਾ ਦੀ ਵਿਧਾਇਕੀ ਤੋਂ ਅਸਤੀਫ਼ਾ ਦੇਣ ਮਗਰੋਂ ਖਾਲੀ ਹੋਈ ਸੀਟ ਲਈ 23 ਜੂਨ ਨੂੰ ਵੋਟਾਂ ਪੈਣਗੀਆਂ ਤੇ 26 ਜੂਨ ਨੂੰ ਨਤੀਜਾ ਐਲਾਨਿਆ ਜਾਵੇਗਾ। ਰਾਘਵ ਚੱਢਾ ਪੰਜਾਬ ਤੋਂ ਰਾਜ ਸਭਾ ਵਿੱਚ ਪਹੁੰਚ ਗਏ ਹਨ। ਉਨ੍ਹਾਂ ਨੇ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੇ ਆਰ.ਪੀ. ਸਿੰਘ ਨੂੰ ਹਰਾਇਆ ਸੀ। ਹੁਣ ਭਾਜਪਾ ਵੱਲੋਂ ਸੂਬਾ ਪ੍ਰਧਾਨ ਆਦੇਸ਼ ਗੁਪਤਾ ਤੋਂ ਇਲਾਵਾ ਪੰਜਾਬੀ ਆਗੂ ਆਰ.ਪੀ ਸਿੰਘ, ਰਾਜੇਸ਼ ਭਾਟੀਆ ਤੇ ਹਰੀਸ਼ ਖੁਰਾਣਾ ਦੇ ਕਰੀਬੀਆਂ ਨੇ ਅੰਦਰਖ਼ਾਤੇ ਮੁਹਿੰਮਾਂ ਸ਼ੁਰੂ ਕੀਤੀਆਂ ਹੋਈਆਂ ਹਨ। ਰਾਜਿੰਦਰ ਨਗਰ ਹਲਕਾ 1947 ਦੀ ਵੰਡ ਮਗਰੋਂ ਦਿੱਲੀ ਆ ਕੇ ਵਸੇ ਲੋਕਾਂ ਦੀ ਵੱਡੀ ਗਿਣਤੀ ਵਾਲਾ ਇਲਾਕਾ ਹੈ। ਇੱਥੇ ਪੰਜਾਬੀ ਵੋਟਰ ਜ਼ਿਆਦਾ ਹਨ। ਇਹ ਵੀ ਪਤਾ ਲੱਗਾ ਹੈ ਕਿ ਆਰ.ਪੀ ਸਿੰਘ ਨੂੰ ਭਾਜਪਾ ਦਾ ਸਿੱਖ ਚਿਹਰਾ ਬਣਾਉਣ ਦੀਆਂ ਕੋਸ਼ਿਸ਼ਾਂ ਸਨ, ਪਰ ਹੁਣ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿੱਚ ਆਉਣ ਮਗਰੋਂ ਆਰ. ਪੀ ਸਿੰਘ ਤੇ ਇੰਮਪ੍ਰੀਤ ਸਿੰਘ ਬਖ਼ਸ਼ੀ ਜਿਹੇ ਸਿੱਖ ਆਗੂਆਂ ਅੱਗੇ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਇਹ ਵੀ ਸੂਚਨਾ ਹੈ ਕਿ ਭਾਜਪਾ ਵੱਲੋਂ ਦਿੱਲੀ ਦੇ ਪੰਜਾਬੀ ਵੋਟਰਾਂ ਨੂੰ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਕਿਸੇ ਵੇਲੇ ਇੱਥੇ ਮਰਹੂਮ ਮਦਨ ਲਾਲ ਖੁਰਾਣਾ ਤੇ ਵਿਜੈ ਕੁਮਾਰ ਮਲਹੋਤਰਾ ਵਰਗੇ ਪੰਜਾਬੀ ਆਗੂਆਂ ਦੇ ਮੋਢਿਆਂ ਉਪਰ ਪੰਜਾਬੀ ਭਾਈਚਾਰੇ ਨੂੰ ਭਾਜਪਾ ਨਾਲ ਜੋੜੀ ਰੱਖਣ ਦਾ ਭਾਰ ਹੁੰਦਾ ਸੀ। ਇਸ ਵਾਰ ਭਾਜਪਾ ਵੱਲੋਂ ਵਿਧਾਇਕ ਮਹਾਵਾਰ ਨੂੰ ਜ਼ਿਮਨੀ ਚੋਣ ਲਈ ਇੰਚਾਰਜ ਬਣਾਇਆ ਹੈ ਤੇ ਉਨ੍ਹਾਂ ਨੂੰ ਹਲਕੇ ਦੇ ਵਾਰਡਾਂ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ।