ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਮਾਰਚ
ਦਿੱਲੀ ਪੁਲੀਸ ਨੇ ਭਾਜਪਾ ਆਗੂ ਵਿਜੇ ਗੋਇਲ ਤੋਂ ਫ਼ੋਨ ਖੋਹਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਸੋਮਵਾਰ ਸ਼ਾਮ ਨੂੰ ਜਾਮਾ ਮਸਜਿਦ ਮੈਟਰੋ ਸਟੇਸ਼ਨ ਦੇ ਗੇਟ ਨੰਬਰ-4 ਨੇੜੇ ਸਾਬਕਾ ਕੇਂਦਰੀ ਮੰਤਰੀ ਦੇ ਹੱਥੋਂ ਇੱਕ ਲੁਟੇਰਾ ਉਨ੍ਹਾਂ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਿਆ ਸੀ। ਵਿਜੇ ਗੋਇਲ ਦੇ ਪੀਐੱਸਓ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਗਿਆ ਸੀ। ਸਾਬਕਾ ਕੇਂਦਰੀ ਮੰਤਰੀ ਨਾਲ ਸਬੰਧਤ ਕੇਸ ਹੋਣ ਕਾਰਨ ਉੱਤਰੀ ਜ਼ਿਲ੍ਹਾ ਪੁਲੀਸ ਦੀਆਂ ਕਈ ਟੀਮਾਂ ਭਾਲ ਵਿੱਚ ਲੱਗੀਆਂ ਹੋਈਆਂ ਸਨ। ਘੰਟੇ ਦੇ ਅੰਦਰ ਹੀ ਥਾਣਾ ਕੋਤਵਾਲੀ ਦੀ ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਜਾਂਚ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਸਾਬਕਾ ਕੇਂਦਰੀ ਮੰਤਰੀ ਦਰਿਆਗੰਜ ਤੋਂ ਸੁਭਾਸ਼ ਮਾਰਗ ਰਾਹੀਂ ਲਾਲ ਕਿਲੇ ਵੱਲ ਆ ਰਹੇ ਸਨ। ਕਾਰ ਖੜ੍ਹਾ ਕੇ ਉਹ ਜਦੋਂ ਕਿਸੇ ਨਾਲ ਮੋਬਾਈਲ ’ਤੇ ਗੱਲ ਕਰ ਰਹੇ ਸਨ ਤਾਂ ਝਪਮਾਰ ਮੋਬਾਈਲ ਖੋਹ ਕੇ ਫ਼ਰਾਰ ਹੋ ਗਿਆ।