ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਫਰਵਰੀ
ਭਾਜਪਾ ਦੇ ਘੱਟ ਗਿਣਤੀ ਵਿੰਗ ਦੇ ਯੂਥ ਆਗੂ ਪ੍ਰਤੀਕ ਸਿੰਘ ਜਾਨੂੰ ਨੂੰ ਪਟਿਆਲਾ ਹਾਊਸ ਅਦਾਲਤ ਵੱਲੋਂ 5 ਮਈ 2013 ਨੂੰ ਦਰਜ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ। ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਇੱਕ ਮੁਜ਼ਾਹਰੇ ਦੌਰਾਨ ਜਾਨੂੰ ਤੇ ਹੋਰ ਆਗੂਆਂ ਖ਼ਿਲਾਫ਼ ਇਹ ਮਾਮਲਾ ਸੰਸਦ ਮਾਰਗ ਥਾਣੇ ’ਚ ਦਰਜ ਕੀਤਾ ਗਿਆ ਸੀ।
ਮੁਜ਼ਾਹਰੇ ਦੌਰਾਨ ਜ਼ਖ਼ਮੀ ਹੋਏ ਯੂਥ ਆਗੂ ਨੇ ਬਿਆਨ ਵਿੱਚ ਪੁਲੀਸ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਦਾ ਜ਼ਿਕਰ ਕਰਨ ਮਗਰੋਂ ਉਸ ਨਾਲ ਜੁੜਿਆ ਮਾਮਲਾ ਬੰਦ ਕਰ ਦਿੱਤਾ ਜਦੋਂਕਿ ਬਾਕੀ ਨਾਮਜ਼ਦ ਆਗੂ ਪੇਸ਼ ਨਾ ਹੋਏ। ਸ੍ਰੀ ਜਾਨੂੰ ਦੇ ਵਕੀਲ ਕੁਨਾਲ ਸ਼ਰਮਾ ਨੇ ਕਿਹਾ ਕਿ ਮੈਟਰੋਪੋਲਿਟਨ ਮਜਿਸਟ੍ਰੇਟ ਅਮਰਦੀਪ ਕੌਰ ਦੀ ਅਦਾਲਤ ’ਚ ਸਿਰਫ਼ ਉਹੀ ਅੱਜ ਆਨਲਾਈਨ ਪੇਸ਼ ਹੋਏ। ਉਨ੍ਹਾਂ ਕਿਹਾ ਕਿ 8 ਸਾਲਾਂ ਬਾਅਦ ਇਹ ਨੋਟਿਸ ਮਿਲਿਆ ਸੀ ਜਿਸ ਨਾਲ ਜੁੜੇ ਮਾਮਲੇ ਵਿੱਚ ਉਂਕਾਰ ਸਿੰਘ ਥਾਪਰ (ਹੁਣ ਮਰਹੂਮ), ਮਨਜਿੰਦਰ ਸਿੰਘ ਸਿਰਸਾ ਤੇ ਹੋਰ ਆਗੂ ਵੀ ਨਾਮਜ਼ਦ ਹਨ।