ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਕਤੂਬਰ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਇ ਵੱਲੋਂ ਬੀਤੇ ਦਿਨ ਪਟਾਕੇ ਚਲਾਉਣ ਵਾਲਿਆਂ ਨੂੰ 200 ਰੁਪਏ ਜੁਰਮਾਨਾ ਅਤੇ ਛੇ ਮਹੀਨੇ ਦੀ ਕੈਦੀ ਦੀ ਸਜ਼ਾ ਦਿੱਤੇ ਜਾਣ ਦੇ ਐਲਾਨ ਮਗਰੋਂ ਭਾਜਪਾ ਨੇ ‘ਆਪ’ ਨੂੰ ਅੱਜ ਲੰਬੇ ਹੱਥੀਂ ਲਿਆ।
ਵਿਧਾਇਕ ਰਾਜ ਕੁਮਾਰ ਆਨੰਦ ਨੂੰ ਬੀਤੇ ਦਿਨ ਦਿੱਲੀ ਦੇ ਸਮਾਜ ਕਲਿਆਣ ਮੰਤਰੀ ਬਣਾਏ ਜਾਣ ਦੇ ਐਲਾਨ ਮਗਰੋਂ ਭਾਜਪਾ ਨੇ ਇੱਕ ਵੀਡੀਓ ਜਾਰੀ ਕਰ ਕੇ ਕਿਹਾ ਕਿ ਇਸ ਐਲਾਨ ਕਰ ਕੇ ਬਣਨ ਵਾਲੇ ਮੰਤਰੀ ਦੇ ਘਰ ਖੁਸ਼ੀ ਵਿੱਚ ਪਟਾਕੇ ਚਲਾਏ ਗਏ ਅਤੇ ਨੇਮਾਂ ਦੀ ਉਲੰਘਣਾ ਕੀਤੀ ਗਈ। ਸ੍ਰੀ ਰਾਇ ਮੁਤਾਬਕ ਦਿੱਲੀ ਵਿੱਚ ਪਟਾਕੇ ਰੱਖਣ, ਬਣਾਉਣ, ਵੇਚਣ ਤੇ ਭੰਡਾਰ ਕਰਨ ਵਾਲਿਆਂ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਤੇ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ। ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੇ ਇੱਕ ਵੀਡੀਓ ਜਾਰੀ ਕਰ ਕੇ ਦਾਅਵਾ ਕੀਤਾ ਕਿ ‘ਆਪ’ ਵਰਕਰ ਇੱਕ ਮੰਤਰੀ ਦੀ ਨਿਯੁਕਤੀ ਦਾ ਜਸ਼ਨ ਮਨਾਉਣ ਲਈ ਪਟਾਕੇ ਚਲਾ ਰਹੇ ਸਨ। ਉਨ੍ਹਾਂ ਕਿਹ ਾ ਕਿ ਉਹ ਪਟੇਲ ਨਗਰ ਦੇ ਵਿਧਾਇਕ ਰਾਜ ਕੁਮਾਰ ਆਨੰਦ ਦੇ ਸਮਰਥਕ ਸਨ ਜੋ ਉਨ੍ਹਾਂ ਦੀ ਰਿਹਾਇਸ਼ ਵਿਖੇ ਪਟਾਕੇ ਚਲਾ ਕੇ ਨਵੇਂ ਸਮਾਜ ਭਲਾਈ ਮੰਤਰੀ ਵਜੋਂ ਉਨ੍ਹਾਂ ਦੀ ਨਿਯੁਕਤੀ ਦਾ ਜਸ਼ਨ ਮਨਾ ਰਹੇ ਸਨ। ਕੇਜਰੀਵਾਲ ਨੂੰ ਹਿੰਦੂ-ਵਿਰੋਧੀ ਕਰਾਰ ਦਿੰਦਿਆਂ ਬੱਗਾ ਨੇ ਕਿਹਾ, ‘‘ਦਿੱਲੀ ਦੇ ਮੁੱਖ ਮੰਤਰੀ ਨੂੰ ਪਟਾਕਿਆਂ ਨਾਲ ਨਹੀਂ ਬਲਕਿ ਦੀਵਾਲੀ ਤੋਂ ਸਮੱਸਿਆ ਹੈ। ਜੇਕਰ ਹਿੰਦੂ ਦੀਵਾਲੀ ’ਤੇ ਪਟਾਕੇ ਫੂਕਣਗੇ ਤਾਂ ਪ੍ਰਦੂਸ਼ਣ ਹੋਵੇਗਾ ਅਤੇ ਕੇਜਰੀਵਾਲ ਉਨ੍ਹਾਂ ਨੂੰ ਜੇਲ੍ਹ ਭੇਜ ਦੇਣਗੇ, ਪਰ ਜੇਕਰ ਕੇਜਰੀਵਾਲ ਦੇ ਮੰਤਰੀ ਖੁਸ਼ੀ ਵਿੱਚ ਪਟਾਕੇ ਫੂਕਣਗੇ ਤਾਂ ਉਸ ਵਿੱਚੋਂ ਆਕਸੀਜਨ ਨਿਕਲੇਗੀ। ਕੇਜਰੀਵਾਲ ਤੁਹਾਡਾ ਹਿੰਦੂ ਵਿਰੋਧੀ ਚਿਹਰਾ ਇੱਕ ਵਾਰ ਫਿਰ ਨੰਗਾ ਹੋ ਗਿਆ ਹੈ। ਤੁਹਾਨੂੰ ਦੀਵਾਲੀ ਤੋਂ ਸਮੱਸਿਆ ਹੈ, ਪਟਾਕਿਆਂ ਤੋਂ ਨਹੀਂ।’’