ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਮਈ
ਦਿੱਲੀ ਪ੍ਰਦੇਸ਼ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ’ਤੇ ਆਧਾਰਤ ਸੂਬੇ ਵਿੱਚ 13,800 ਤੋਂ ਵੱਧ ਬੂਥਾਂ ਉਪਰ ਕੇਜਰੀਵਾਲ ਖ਼ਿਲਾਫ਼ ‘ਪੋਲ ਖੋਲ੍ਹ’ ਮੁਹਿੰਮ ਚਲਾਈ ਗਈ। ਸੂਬਾ ਪ੍ਰਧਾਨ ਆਦੇਸ਼ ਗੁਪਤਾ ਵੱਲੋਂ ਦੱਸਿਆ ਗਿਆ ਕਿ ਇਸ ਮੁਹਿੰਮ ਦੌਰਾਨ ਕੇਜਰੀਵਾਲ ਸਰਕਾਰ ਦੇ ਕੀਤੇ ਵਾਅਦੇ ਪੂਰੇ ਨਾ ਹੋਣ ’ਤੇ ਖੋਖਲੇ ਵਾਧੇ ਕਰਨ ਦੀ ਰਣਨੀਤੀ ਨੂੰ ਚੌਰਾਹੇ ਭੰਨਿਆ ਗਿਆ। ਇਸ ਮੁਹਿੰਮ ਦੌਰਾਨ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ, ਵਿਧਾਇਕ ਤੇ ਸਾਬਕਾ ਕੌਂਸਲਰਾਂ ਸਮੇਤ ਬਲਾਕ ਪੱਧਰ ਦੇ ਅਹੁਦੇਦਾਰ ਤੇ ਮਹਿਲਾ ਅਤੇ ਯੂਥ ਵਿੰਗ ਦੇ ਕਾਰਕੁਨ ਸ਼ਾਮਲ ਹੋਏ।
ਭਾਜਪਾ ਆਗੂਆਂ ਨੇ ਕਿਹਾ ਨਵੰਬਰ 1984 ਦੇ ਸਿੱਖ ਪੀੜਤਾਂ ਨੂੰ ਵੀ ਬਿਜਲੀ ਦੇ ਬਿੱਲਾਂ ਦੀ ਮੁਆਫ਼ੀ ਦਾ ਲਾਭ ਨਹੀਂ ਮਿਲਿਆ ਤੇ ਇਸ ਪੋਲ ਖੋਲ੍ਹ ਮੁਹਿੰਮ ਦੌਰਾਨ ਹੀ ਇਸ ਤੱਥ ਦਾ ਖੁਲਾਸਾ ਹੋਇਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮੁਹਿੰੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਭਰਿਆ ਗਿਆ ਜਿਸ ਤੋਂ ‘ਆਪ’ ਆਗੂਆਂ ਦੇ ਚਿਹਰੇ ਉੱਤਰੇ ਪਏ ਹਨ। ਇਨ੍ਹਾਂ ਸਮਾਗਮਾਂ ਵਿੱਚ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਮੀਨਾਕਸ਼ੀ ਲੇਖੀ, ਬਿਜੈਅੰਤ ਜੇ ਪਾਂਡੇ ਸਮੇਤ ਹੋਰ ਆਗੂਆਂ ਨੇ ਕੇਜਰੀਵਾਲ ਸਰਕਾਰ ਦੇ ਵਾਅਦਿਆਂ ’ਤੇ ਦਾਅਵਿਆਂ ਦੀ ਪੋਲ ਖੋਲ੍ਹੀ। ਸੂਬਾ ਪ੍ਰਧਾਨ ਨੇ ਦੱਸਿਆ ਕਿ 21 ਜੂਨ ਨੂੰ ਯੋਗ ਦਿਵਸ ਮੌਕੇ ਵੀ ਲੋਕਾਂ ਨਾਲ ਹੋਰ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।