ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਅਪਰੈਲ
‘ਆਪ’ ਦੀ ਸੀਨੀਅਰ ਆਗੂ ਆਤਿਸ਼ੀ ਨੇ ਕਿਹਾ ਕਿ ਭਾਜਪਾ ਦੀ ਬੁਲਡੋਜ਼ਰ ਸਿਆਸਤ ਦਾ ਸੱਚ ਸਭ ਦੇ ਸਾਹਮਣੇ ਆ ਗਿਆ ਹੈ। ਭਾਜਪਾ ਦਿੱਲੀ ਦੇ ਲੋਕਾਂ ਤੋਂ ਜਬਰੀ ਵਸੂਲੀ ਲਈ ਬੁਲਡੋਜ਼ਰ ਚਲਾਉਣ ਦੀਆਂ ਧਮਕੀਆਂ ਦੇ ਰਹੀ ਹੈ ਕਿ ਜੇਕਰ ਉਨ੍ਹਾਂ ਨੇ ਪੈਸੇ ਨਾ ਦਿੱਤੇ ਤਾਂ ਉਹ ਤੁਹਾਡੇ ਘਰ ’ਤੇ ਬੁਲਡੋਜ਼ਰ ਚਲਾ ਦੇਣਗੇ। ਕਾਲਕਾਜੀ ਤੋਂ ਵਿਧਾਇਕ ਆਤਿਸ਼ੀ ਨੇ ਸ਼ੁੱਕਰਵਾਰ ਨੂੰ ਪਾਰਟੀ ਹੈੱਡਕੁਆਰਟਰ ’ਤੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਦਿੱਲੀ ਵਿੱਚ ਕਿਤੇ ਵੀ ਨਾਜਾਇਜ਼ ਉਸਾਰੀ ਹੁੰਦੀ ਹੈ ਤਾਂ ਭਾਜਪਾ ਦੇ ਕੌਂਸਲਰ ਤੇ ਆਗੂ ਸਭ ਤੋਂ ਪਹਿਲਾਂ ਪਹੁੰਚ ਕੇ ਲੈਂਟਰ ’ਤੇ ਵਰਗ ਮੀਟਰ ਦੇ ਹਿਸਾਬ ਨਾਲ ਪੈਸੇ ਮੰਗਦੇ ਹਨ। ‘ਆਪ’ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ‘ਆਪ’ ਨੇ ਫੈਸਲਾ ਕੀਤਾ ਹੈ ਕਿ ਜਿੱਥੇ ਕਿਤੇ ਵੀ ਭਾਜਪਾ ਆਗੂ ਪੈਸੇ ਦੀ ਮੰਗ ਕਰਦੇ ਪਾਏ ਜਾਣਗੇ ਤਾਂ ‘ਆਪ’ ਵਰਕਰ ਉਨ੍ਹਾਂ ਨੂੰ ਫੜ ਕੇ ਪੁਲੀਸ ਹਵਾਲੇ ਕਰਨਗੇ। ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਦੀ ਅਗਵਾਈ ਵਿੱਚ ਭਾਜਪਾ ਨੇ ਕਾਰੋਬਾਰ ਸ਼ੁਰੂ ਕਰ ਦਿੱਤਾ ਹੈ। 15 ਸਾਲਾਂ ਤੋਂ ਕਰੋੜਾਂ ਰੁਪਏ ਲੈ ਕੇ ਦਿੱਲੀ ਦੇ ਅੰਦਰ ਗੈਰਕਾਨੂੰਨੀ ਨਿਰਮਾਣ ਕਰਵਾ ਕੇ ਹੁਣ ਮੁੜ ਵਸੂਲੀ ਕੀਤੀ ਜਾ ਰਹੀ ਹੈ।
ਆਤਿਸ਼ੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਦਿੱਲੀ ’ਚ ਬੁਲਡੋਜ਼ਰ ਦੀ ਰਾਜਨੀਤੀ ਕਰ ਰਹੀ ਹੈ। ਦਿੱਲੀ ਦੇ ਭਾਜਪਾ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੇ ਵੀ ਇਹ ਪੱਤਰ ਦੱਖਣੀ ਐੱਮਸੀਡੀ ਤੇ ਈਸਟ ਐੱਮਸੀਡੀ ਦੇ ਮੇਅਰ ਨੂੰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕਈ ਵਿਧਾਇਕਾਂ ਨੂੰ ਗ੍ਰੀਨ ਪਾਰਕ ਖੇਤਰ, ਮਯੂਰ ਵਿਹਾਰ ਖੇਤਰ, ਕਾਲਕਾਜੀ ਖੇਤਰ, ਸ਼ਾਲੀਮਾਰ ਬਾਗ ਖੇਤਰ ਆਦਿ ਤੋਂ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਭਾਜਪਾ ਦੇ ਕੌਂਸਲਰ ਉਨ੍ਹਾਂ ਦੇ ਘਰਾਂ, ਉਨ੍ਹਾਂ ਦੇ ਖੇਤਰਾਂ ਵਿੱਚ ਆ ਕੇ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਲੋਕਾਂ ਨੂੰ ਬੁਲਡੋਜ਼ਰ ਚਲਾਉਣ ਦਾ ਡਰਾਵਾ ਦੇ ਕੇ ਪੈਸੇ ਦੀ ਮੰਗ ਕਰ ਰਹੇ ਹਨ। ‘ਆਪ’ ਆਗੂ ਨੇ ਕਿਹਾ ਕਿ ਭਾਜਪਾ ਕੌਂਸਲਰਾਂ ਦਾ ਕਾਰਜਕਾਲ 18 ਮਈ 2022 ਨੂੰ ਖਤਮ ਹੋ ਰਿਹਾ ਹੈ। ਹੁਣ ਉਗਰਾਹੀ ਲਈ ਸਿਰਫ਼ 20 ਦਿਨ ਬਚੇ ਹਨ, ਇਸ ਲਈ ਉਹ ਹੁਣ ਬੁਲਡੋਜ਼ਰ ਦੀ ਰਾਜਨੀਤੀ ਕਰ ਰਿਹਾ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਐੱਮਸੀਡੀ ਦਾ ਬਿਲਡਿੰਗ ਵਿਭਾਗ ਚਾਹੇ ਤਾਂ ਪ੍ਰਧਾਨ ਮੰਤਰੀ ਨਿਵਾਸ ਦੇ ਅੰਦਰ ਵੀ ਕਮੀਆਂ ਦਸ ਸਕਦਾ ਹੈ। ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਪਟਪੜਗੰਜ ’ਚ ਨਾਗਰਿਕਾਂ ਨੇ ਦੱਸਿਆ ਕਿ ਭਾਜਪਾ ਦੇ ਲੋਕ ਘਰਾਂ, ਦੁਕਾਨਾਂ ’ਤੇ ਜਾ ਕੇ ਧਮਕੀਆਂ ਦੇ ਰਹੇ ਹਨ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਤੁਹਾਡੇ ਘਰ, ਦੁਕਾਨ, ਰੈਸਤਰਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਜਾਵੇਗਾ। ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਪਿਛਲੇ ਦੋ ਦਿਨਾਂ ਤੋਂ ਬੁਲਡੋਜ਼ਰ ਦੀ ਰਾਜਨੀਤੀ ਕਰ ਰਹੀ ਹੈ, ਇਸ ਦਾ ਅਸਲ ਖ਼ੁਲਾਸਾ ਹੋ ਗਿਆ ਹੈ। ਕਈ ਸੁਸਾਇਟੀਆਂ ਤੋਂ ਸ਼ਿਕਾਇਤਾਂ ਮਿਲੀਆਂ ਹਨ ਕਿ ਭਾਜਪਾ ਦੇ ਕੌਂਸਲਰ ਲੋਕਾਂ ਤੋਂ ਰਿਸ਼ਵਤ ਮੰਗ ਰਹੇ ਹਨ।
ਮਨੀਸ਼ ਸਿਸੋਦੀਆ ਵੱਲੋਂ ‘ਆਪ’ ਵਿਧਾਇਕਾਂ ਨੂੰ ਪੱਤਰ
ਦਿੱਲੀ ਵਿੱਚ ਭਾਜਪਾ ਦੀ ਵਧਦੀ ਗੁੰਡਾਗਰਦੀ ਦੇ ਮੱਦੇਨਜ਼ਰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਆਪਣੇ ਸਾਰੇ ਵਿਧਾਇਕਾਂ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਉਨ੍ਹਾਂ ਨੇ ਸਾਰੇ ਵਿਧਾਇਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਜਪਾ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਦਿੱਲੀ ਦੇ ਲੋਕਾਂ ਦੀ ਮਦਦ ਕਰਨ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਭਾਜਪਾ ਦੀ ਬੁਲਡੋਜ਼ਰ ਰਾਜਨੀਤੀ ਦਾ ਅਸਲ ਕਾਰਨ ਪੈਸੇ ਦੀ ਲੁੱਟ ਹੈ। ਭਾਜਪਾ ਦੇ ਲੋਕ ਘਰਾਂ ਅਤੇ ਦੁਕਾਨਾਂ ’ਤੇ ਜਾ ਕੇ ਲੋਕਾਂ ਨੂੰ ਧਮਕੀਆਂ ਦੇ ਰਹੇ ਹਨ ਕਿ ਜੇਕਰ ਇੰਨੇ ਪੈਸੇ ਨਾ ਦਿੱਤੇ ਤਾਂ ਤੁਹਾਡੇ ਘਰ ’ਤੇ ਬੁਲਡੋਜ਼ਰ ਚਲਾ ਦੇਣਗੇ।