ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਕਤੂਬਰ
ਦਿੱਲੀ ਦੇ ਇੰਡੀਆ ਗੇਟ ਕੋਲ ਪੰਜਾਬ ਦੇ ਮੁਹਾਲੀ ਤੋਂ ਆਏ ਯੂਥ ਕਾਂਗਰਸੀ ਕਾਰਕੁਨਾਂ ਵੱਲੋਂ ਟਰੈਕਟਰ ਸਾੜਨ ਦੇ ਵਿਰੋਧ ਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਹੱਕ ਵਿੱਚ ਦਿੱਲੀ ਦਿਹਾਤ ਦੇ ਇਲਾਕਿਆਂ ਵਿੱਚੋਂ ਟਰੈਕਟਰ ਰੈਲੀ ਕੱਢੀ ਗਈ। ਇਸ ਰੈਲੀ ਨੂੰ ਰਲਿਆ-ਮਿਲਿਆ ਹੁੰਗਾਰਾ ਮਿਲਿਆ ਤੇ ਬਹੁਤਾ ਇੱਕਠ ਨਹੀਂ ਹੋ ਸਕਿਆ।
ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਟਰੈਕਟਰ ਦੀ ਪੂਜਾ ਕੀਤੀ ਤੇ ਪਿੰਡ ਕਰਾਲਾ ਦੇ ਸਟੇਡੀਅਮ ਤੋਂ ਇਹ ਰੈਲੀ ਸ਼ੁਰੂ ਕੀਤੀ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਨੂੰ ਲਾਹੇਬੰਦ ਕਰਾਰ ਦਿੱਤਾ। ਸੰਸਦ ਮੈਂਬਰ ਹੰਸਰਾਜ ਹੰਸ ਸਮੇਤ ਹੋਰ ਆਗੂ ਇਸ ਸਮੇਂ ਹਾਜ਼ਰ ਸਨ। ਆਦੇਸ਼ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲਿਆਂ ਵਿਚ ਕਿਸਾਨ ਸਨਮਾਨ ਨਿਧੀ ਯੋਜਨਾ, ਮਿੱਟੀ ਸਿਹਤ ਕਾਰਡ ਸਕੀਮ, ਕਿਸਾਨ ਕ੍ਰੈਡਿਟ ਕਾਰਡ ਸਕੀਮ ਤੇ ਅਜਿਹੀਆਂ ਸਾਰੀਆਂ ਯੋਜਨਾਵਾਂ ਹਨ, ਜਿਨ੍ਹਾਂ ਦਾ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਲਾਭ ਹੋ ਰਿਹਾ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ਕਾਂਗਰਸ ਖੇਤੀਬਾੜੀ ਬਿੱਲ ਦਾ ਵਿਰੋਧ ਕਰ ਰਹੀ ਸੀ ਜਿਸ ਦੇ ਸੀਨੀਅਰ ਨੇਤਾਵਾਂ ਨੇ 2014 ਵਿੱਚ ਇਨ੍ਹਾਂ ਖੇਤੀਬਾੜੀ ਬਿੱਲਾਂ ਦੇ ਸਮਰਥਨ ਵਿੱਚ ਭਾਸ਼ਣ ਦਿੱਤਾ ਸੀ ਤੇ ਚਾਹੁੰਦੇ ਸਨ ਕਿ ਇਸ ਨੂੰ ਪਾਸ ਕੀਤਾ ਜਾਵੇ। ਆਮ ਆਦਮੀ ਪਾਰਟੀ ਦੀ ਸਰਕਾਰ ਛੇ ਸਾਲਾਂ ਤੋਂ ਦਿੱਲੀ ਵਿੱਚ ਹੈ ਪਰ ਅੱਜ ਤੱਕ ਦਿੱਲੀ ਦੇ ਕਿਸਾਨਾਂ ਨੂੰ ਖੇਤੀ ਲਈ ਕੋਈ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ।