ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਮਾਰਚ
ਭਾਜਪਾ ਦੇ ਕੌਮੀ ਮੀਤ ਪ੍ਰਧਾਨ ਤੇ ਦਿੱਲੀ ਪ੍ਰਦੇਸ਼ ਦੇ ਇੰਚਾਰਜ ਬੈਜਯੰਤ ਜੈ ਪਾਂਡਾ ਨੇ ਕਿਹਾ ਕਿ ਦਿੱਲੀ ਦੀ ਸ਼ਰਾਬ ਨੀਤੀ ਸੂਬੇ ਦੇ ਨੌਜਵਾਨਾਂ ਤੇ ਔਰਤਾਂ ਲਈ ਸਭ ਤੋਂ ਵੱਡਾ ਖ਼ਤਰਾ ਹੈ। ਕੇਜਰੀਵਾਲ ਨੇ ਪਿਛਲੇ ਸੱਤ ਸਾਲਾਂ ਵਿੱਚ ਨਾ ਤਾਂ ਕੋਈ ਰੁਜ਼ਗਾਰ ਦਿੱਤਾ ਹੈ ਅਤੇ ਨਾ ਹੀ ਆਪਣੇ ਵਾਅਦੇ ਪੂਰੇ ਕੀਤੇ ਹਨ। ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਦੀ ਅਗਵਾਈ ’ਚ ਚੱਲ ਰਹੀ ਰਾਏਸ਼ੁਮਾਰੀ ਮੁਹਿੰਮ ‘ਚ ਅੱਜ ਰਾਜੀਵ ਚੌਕ ਮੈਟਰੋ ਸਟੇਸ਼ਨ ਨੇੜੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਪਾਂਡਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਮੁਫ਼ਤ ਸ਼ਰਾਬ ਵੰਡ ਕੇ ਕੇਜਰੀਵਾਲ ਨੇ ਪੂਰੀ ਦਿੱਲੀ ਨੂੰ ਸ਼ਰਾਬ ਦੇ ਨਸ਼ੇ ’ਚ ਧੁੱਤ ਕਰ ਦਿੱਤਾ ਹੈ। ਦਿਹਾੜੀਦਾਰ ਮਜ਼ਦੂਰ ਵੀ ਸ਼ਰਾਬ ਪੀ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਘਰ ਦਾ ਗੁਜ਼ਾਰਾ ਵੀ ਮੁਸ਼ਕਿਲ ਹੋ ਗਿਆ ਹੈ| ਅੱਜ ਪ੍ਰਦੇਸ਼ ਭਾਜਪਾ ਵੱਲੋਂ ਦਿੱਲੀ ਦੇ ਕਰੀਬ 1120 ਸਥਾਨਾਂ ’ਤੇ ਕੇਜਰੀਵਾਲ ਦੀ ਸ਼ਰਾਬ ਨੀਤੀ ’ਤੇ 10 ਲੱਖ ਤੋਂ ਵੱਧ ਲੋਕਾਂ ਦੀ ਰਾਏ ਲਈ ਗਈ। ਇਸ ਲਈ ਸੂਬੇ ਦੇ ਹਰ ਵਾਰਡ ’ਚ ਕਰੀਬ ਤਿੰਨ ਤੋਂ ਚਾਰ ਥਾਵਾਂ ’ਤੇ ਸੂਬਾਈ ਆਗੂਆਂ, ਵਿਧਾਇਕਾਂ, ਮੋਰਚੇ ਤੇ ਜ਼ਿਲ੍ਹਾ ਪ੍ਰਧਾਨਾਂ ਤੇ ਮੀਤ ਪ੍ਰਧਾਨਾਂ ਸਣੇ 50 ਹਜ਼ਾਰ ਤੋਂ ਵੱਧ ਭਾਜਪਾ ਵਰਕਰਾਂ ਨੇ ਇਸ ਮੁਹਿੰਮ ‘ਚ ਹਿੱਸਾ ਲਿਆ।
ਸ੍ਰੀ ਗੁਪਤਾ ਨੇ ਕਿਹਾ ਕਿ ਦਿੱਲੀ ਦੇ 99 ਫ਼ੀਸਦੀ ਤੋਂ ਵੱਧ ਲੋਕਾਂ ਦਾ ਮੰਨਣਾ ਹੈ ਕਿ ਸ਼ਰਾਬ ਨੀਤੀ ਇੱਕ ‘ਮਾੜੀ ਨੀਤੀ’ ਹੈ ਜਿਸ ਰਾਹੀਂ ਕੇਜਰੀਵਾਲ ਮਾਲੀਏ ਦੇ ਬਹਾਨੇ ਆਪਣੀਆਂ ਜੇਬਾਂ ਭਰਨ ਲਈ ਦਿੱਲੀ ਦੇ ਨੌਜਵਾਨਾਂ ਤੇ ਔਰਤਾਂ ਦੇ ਭਵਿੱਖ ਨਾਲ ਖੇਡ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਲਿਆਂਦੀ ਸ਼ਰਾਬ ਨੀਤੀ ਨੌਜਵਾਨਾਂ ਦੇ ਭਵਿੱਖ ਅਤੇ ਔਰਤਾਂ ਦੀ ਸੁਰੱਖਿਆ ’ਤੇ ਸਭ ਤੋਂ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਲਾਉਂਦੀ ਹੈ। ਕੇਜਰੀਵਾਲ ਸਰਕਾਰ ਨੇ 500 ਸਕੂਲਾਂ, ਕਾਲਜਾਂ ਦਾ ਵਾਅਦਾ ਕਰ ਕੇ ਬਦਲੇ ਵਿੱਚ ਸ਼ਰਾਬ ਦੇ ਠੇਕੇ ਦੇਣ ਦਾ ਕੰਮ ਕੀਤਾ ਹੈ। ਰਾਇਸ਼ੁਮਾਰੀ ’ਚ ਮੁੱਖ ਤੌਰ ’ਤੇ ਰਾਮ ਨਗਰ ਪਹਾੜਗੰਜ ’ਚ ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਡਾ. ਹਰਸ਼ਵਰਧਨ, ਮਹਿਰੌਲੀ ‘ਚ ਸੰਸਦ ਮੈਂਬਰ ਰਮੇਸ਼ ਬਿਧੂੜੀ, ਸਬਜ਼ੀ ਮੰਡੀ ਜਹਾਂਗੀਰਪੁਰੀ ’ਚ ਸੰਸਦ ਮੈਂਬਰ ਹੰਸਰਾਜ ਹੰਸ, ਕਮਲਾ ਨਗਰ ਵਿੱਚ ਸਾਬਕਾ ਕੇਂਦਰੀ ਮੰਤਰੀ ਵਿਜੇ ਗੋਇਲ, ਰੋਹਿਣੀ ਵਿੱਚ ਸਾਬਕਾ ਸੂਬਾ ਪ੍ਰਧਾਨ ਵਿਜੇਂਦਰ ਗੁਪਤਾ, ਲਕਸ਼ਮੀ ਨਗਰ ਮੇਨ ਬਜ਼ਾਰ ਵਿੱਚ ਸੂਬਾ ਜਨਰਲ ਸਕੱਤਰ ਦਿਨੇਸ਼ ਪ੍ਰਤਾਪ ਸਿੰਘ, ਗਰੀਨ ਪਾਰਕ ਮਾਰਕੀਟ ਵਿੱਚ ਸਾਬਕਾ ਸੂਬਾ ਪ੍ਰਧਾਨ ਸਤੀਸ਼ ਉਪਾਧਿਆਏ ਸਣੇ ਹੋਰ ਆਗੂਆਂ ਨੇ ਰਾਏਸ਼ੁਮਾਰੀ ਦੀ ਅਗਵਾਈ ਕੀਤੀ ਅਤੇ ਸ਼ਰਾਬ ਨੀਤੀ ’ਤੇ ਲੋਕਾਂ ਤੋਂ ਰਾਏ ਲਈ।