ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੂਨ
ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇਮਾਨਦਾਰ ਸਰਕਾਰ ਦੀ ਗੱਲ ਕਰਦੇ ਹਨ ਪਰ ਅਸਲੀਅਤ ਇਹ ਹੈ ਕਿ ਕਿਸੇ ਭ੍ਰਿਸ਼ਟ ਵਿਅਕਤੀ ਨੂੰ ਬਰਖ਼ਾਸਤ ਕਰਨ ਦੀ ਬਜਾਇ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਗਈ ਹੈ। ਉਨ੍ਹਾਂ ਸਵਾਲ ਕੀਤਾ ਕਿ ਆਖ਼ਰ ਕੇਜਰੀਵਾਲ ਦੀ ਕਿਹੜੀ ਮਜਬੂਰੀ ਹੈ ਜੋ ਸਤੇਂਦਰ ਜੈਨ ਵਰਗੇ ਭ੍ਰਿਸ਼ਟ ਮੰਤਰੀ ਨੂੰ ਬਰਖ਼ਾਸਤ ਕਰਨ ਤੋਂ ਵੀ ਡਰਦੇ ਹਨ। ਸਤੇਂਦਰ ਜੈਨ ਕੇਜਰੀਵਾਲ ਲਈ ਕਿੰਨੇ ਖ਼ਾਸ ਹਨ, ਇਸ ਦਾ ਸਬੂਤ ਹੈ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਸੱਤ ਅਹਿਮ ਮੰਤਰਾਲਿਆਂ ਦੀ ਜ਼ਿੰਮੇਵਾਰੀ ਸੌਂਪੀ ਸੀ। ਕੇਜਰੀਵਾਲ ਦੇ ਇਰਾਦਿਆਂ ’ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਸਤੇਂਦਰ ਜੈਨ ਕਦੇ ਵੀ ਆਪਣੇ ਸਾਰੇ ਸੱਤ ਮੰਤਰਾਲਿਆਂ ਨਾਲ ਇਨਸਾਫ਼ ਨਹੀਂ ਕਰ ਸਕੇ ਕਿਉਂਕਿ ਇਹ ਉਹੀ ਮੰਤਰਾਲੇ ਹਨ ਜਿਨ੍ਹਾਂ ਵਿੱਚ ਭ੍ਰਿਸ਼ਟਾਚਾਰ ਹੁੰਦਾ ਰਿਹਾ ਹੈ।
ਸ੍ਰੀ ਗੁਪਤਾ ਨੇ ਕਿਹਾ ਕਿ ਇਹ ਉਹੀ ਕੇਜਰੀਵਾਲ ਹੈ ਜੋ ਕਹਿੰਦੇ ਹਨ ਕਿ ਉਹ ਵੀਡੀਓ ਦੇ ਆਧਾਰ ’ਤੇ ਮੰਤਰੀਆਂ ਨੂੰ ਬਰਖ਼ਾਸਤ ਕਰਦੇ ਹਨ। ਕੇਜਰੀਵਾਲ ਨੇ ਮਗਰਮੱਛ ਦੇ ਹੰਝੂ ਵਹਾ ਕੇ ਪੰਜਾਬ ਦੇ ਮੰਤਰੀ ਨੂੰ ਬਰਖ਼ਾਸਤ ਕੀਤਾ ਜੋ ਕਿ ਆਪਣੇ ਆਪ ਨੂੰ ਇਮਾਨਦਾਰ ਸਾਬਤ ਕਰਨ ਦੀ ਇੱਕ ਚਾਲ ਸੀ। ਅੱਜ ਸਤੇਂਦਰ ਜੈਨ ਜੇਲ੍ਹ ਵਿੱਚ ਹੈ ਤੇ ਅਦਾਲਤ ਲਗਾਤਾਰ ਉਸ ਦਾ ਰਿਮਾਂਡ ਵਧਾ ਰਹੀ ਹੈ, ਫਿਰ ਵੀ ਕੇਜਰੀਵਾਲ ਇੰਨੇ ਦਬਾਅ ਵਿੱਚ ਹਨ ਕਿ ਉਹ ਜੈਨ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਉਸ ਦੇ ਪਰਿਵਾਰ ਨੂੰ ਹੱਲਾਸ਼ੇਰੀ ਦੇ ਰਿਹਾ ਹੈ ਅਤੇ ਲਗਾਤਾਰ ਉਸ ਦਾ ਬਚਾਅ ਕਰਦੇ ਹਨ।
ਭ੍ਰਿਸ਼ਟਾਚਾਰ ਦੇ ਸਾਰੇ ਸਬੂਤ ਭਾਵੇਂ ਉਹ ਕਰੀਬ 16.39 ਕਰੋੜ ਰੁਪਏ, ਕਾਲਾ ਧਨ, ਹਵਾਲਾ ਕਾਰੋਬਾਰ ਜਾਂ ਬੇਨਾਮੀ ਜਾਇਦਾਦ ਹੈ, ਨੂੰ ਸਤੇਂਦਰ ਜੈਨ ਨੇ ਖ਼ੂਦ ਕਬੂਲ ਕੀਤਾ ਹੈ, ਪਰ ਕੇਜਰੀਵਾਲ ਅਜੇ ਤੱਕ ਇਸ ਨੂੰ ਸਵੀਕਾਰ ਨਹੀਂ ਕਰ ਰਹੇ ਹਨ। ਕੇਜਰੀਵਾਲ ’ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਭ੍ਰਿਸ਼ਟਾਚਾਰ ਦੀਆਂ ਬੁਲੰਦੀਆਂ ਨੂੰ ਛੂਹਣ ਵਾਲੇ ਕੇਜਰੀਵਾਲ ਨੂੰ ਸਾਰਾ ਭ੍ਰਿਸ਼ਟਾਚਾਰ ਦਾ ਪੈਸਾ ਸਤੇਂਦਰ ਜੈਨ ਰਾਹੀਂ ਹੀ ਆਇਆ ਸੀ। ਇਸ ਲਈ ਉਹ ਉਸ ਨੂੰ ਬਰਖ਼ਾਸਤ ਨਾ ਕਰਨ ਲਈ ਮਜਬੂਰ ਹਨ। ਇਸ ਲਈ ਭਾਜਪਾ ਮੰਗ ਕਰਦੀ ਹੈ ਕਿ ਜੇ ਕੇਜਰੀਵਾਲ ਵਿੱਚ ਕੋਈ ਨੈਤਿਕਤਾ ਰਹਿ ਗਈ ਹੈ ਤਾਂ ਉਹ ਸਤੇਂਦਰ ਜੈਨ ਨੂੰ ਤੁਰੰਤ ਬਰਖ਼ਾਸਤ ਕਰੇ।