ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਪਰੈਲ
ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਤੋਂ ਲੈ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਫ਼ਤਰ ਤੱਕ ਸਮੁੱਚੀ ਭਾਜਪਾ ਕਿਸਾਨਾਂ ਨੂੰ ਮਾਰਨ ਵਾਲੇ ਕਾਤਲ ਨੂੰ ਬਚਾਉਣ ਲਈ ਉਤਰ ਆਈ ਹੈ। ਅਦਾਲਤ ਵਿੱਚ ਕਾਤਲ ਦੀ ਜ਼ਮਾਨਤ ਦਾ ਬਚਾਅ ਕਰਨ ਲਈ ਆਸ਼ੀਸ਼ ਮਿਸ਼ਰਾ ਦੀ ਤਰਫੋਂ ਵਕੀਲ ਰਣਜੀਤ ਕੁਮਾਰ, ਜੋ ਮੋਦੀ ਸਰਕਾਰ ’ਚ ਸਾਲਿਸਿਟਰ ਜਨਰਲ ਸਨ ਤੇ ਉੱਤਰ ਪ੍ਰਦੇਸ਼ ਸਰਕਾਰ ਦੀ ਤਰਫੋਂ ਭਾਜਪਾ ਦੇ ਸੰਸਦ ਮੈਂਬਰ ਮਹੇਸ਼ ਜੇਠਮਲਾਨੀ ਪੇਸ਼ ਹੋਏ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਵਿਧਾਇਕ ਸੌਰਭ ਭਾਰਦਵਾਜ ਨੇ ਪਾਰਟੀ ਹੈੱਡਕੁਆਰਟਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਾਜਪਾ ਦੀ ਯੋਗੀ ਸਰਕਾਰ ਤੇ ਪੁਲੀਸ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਨੂੰ ਬਚਾਉਣ ਲਈ ਮਾਮਲੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਪੁਲੀਸ ਅਤੇ ਉੱਤਰ ਪ੍ਰਦੇਸ਼ ਸਰਕਾਰ ਦੀ ਖਿਚਾਈ ਕਰਦਿਆਂ ਕਿਹਾ, ‘‘ਤੁਸੀਂ ਆਪਣੀ ਪਾਰਟੀ ਦੇ ਕੇਂਦਰੀ ਗ੍ਰਹਿ ਮੰਤਰੀ ਤੇ ਉਨ੍ਹਾਂ ਦੇ ਪੁੱਤਰ ਨੂੰ ਬਚਾਉਣ ਲਈ ਜਾਂਚ ਵਿੱਚ ਖੁੱਲ੍ਹੇਆਮ ਗੜਬੜ ਕਰ ਰਹੇ ਹੋ।’’ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਨੇ ਹਲਫ਼ਨਾਮੇ ਵਿੱਚ ਕਿਹਾ ਕਿ ਮੈਂ ਉੱਤਰ ਪ੍ਰਦੇਸ਼ ਸਰਕਾਰ ਨੂੰ ਇਸ ਖ਼ਿਲਾਫ਼ ਅਪੀਲ ਕਰਨ ਲਈ ਕਿਹਾ ਸੀ ਪਰ ਉੱਤਰ ਪ੍ਰਦੇਸ਼ ਸਰਕਾਰ ਅਪੀਲ ਵਿੱਚ ਨਹੀਂ ਗਈ।
ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵਿੱਚ ਗੁੰਡਿਆਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ। ਜੇਕਰ ਗੁੰਡੇ, ਕਾਤਲ ਤੇ ਬਲਾਤਕਾਰੀ ਭਾਜਪਾ ਵਿੱਚ ਚਲੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਬਚਾਉਣ ਲਈ ਤਿਰੰਗਾ ਯਾਤਰਾ ਨਿਕਲਦੀ ਹੈ।