ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਮਈ
ਭਾਜਪਾ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਗੁਜਰਾਤ ਵਿੱਚ ਜਾ ਕੇ ਦਿੱਲੀ ਦੇ ਸਿਹਤ ਪ੍ਰਬੰਧ ਨੂੰ ਕੌਮਾਂਤਰੀ ਪੱਧਰ ਦਾ ਹੋਣ ਦੇ ਦਾਅਵੇ ਦੀ ਨਿਖੇਧੀ ਕਰਦਆਂ ਦਿੱਲੀ ਦੇ ਰਾਜੀਵ ਗਾਂਧੀ ਸੁਪਰਸਪੈਸ਼ਲਿਟੀ ਹਸਪਤਾਲ ਵਿੱਚ ਜਾਅਲੀ ਸਟੈਂਟ ਪਾ ਕੇ ਕਈ ਲੋਕਾਂ ਦੀ ਜ਼ਿੰਦਗੀ ਨਾਲ ਖੇਡਣ ਦਾ ਦੋਸ਼ ਲਾਇਆ ਹੈ। ਜਾਰੀ ਬਿਆਨ ਵਿੱਚ ਭਾਜਪਾ ਨੇ ਮੰਗ ਕੀਤੀ ਕਿ ਕੇਜਰੀਵਾਲ ਇਸ ਮਾਮਲੇ ਵਿੱਚ ਅਸਤੀਫ਼ਾ ਦੇਣ।
ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਗੁਜਰਾਤ ਜਾ ਕੇ ਆਪਣੀ ‘ਵਿਸ਼ਵ ਪੱਧਰੀ’ ਸਿਹਤ ਪ੍ਰਣਾਲੀ ਬਾਰੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ, ਪਰ ਇਸ ਦਾ ਸੱਚ ਸਭ ਦੇ ਸਾਹਮਣੇ ਆ ਗਿਆ ਹੈ। ਗੁਪਤਾ ਨੇ ਕਿਹਾ ਕਿ ਆਰਟੀਆਈ ਦੇ ਖੁਲਾਸੇ ਤੋਂ ਪਤਾ ਲੱਗਾ ਹੈ ਕਿ ਰਾਜੀਵ ਗਾਂਧੀ ਸੁਪਰਸਪੈਸ਼ਲਿਟੀ ਹਸਪਤਾਲ ਵਿੱਚ ਗ਼ਲਤ ਤੇ ਨਕਲੀ ਸਟੈਂਟ ਪਾਏ ਜਾਣ ਕਾਰਨ ਕੁੱਲ 235 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸ੍ਰੀ ਗੁਪਤਾ ਨੇ ਕਿਹਾ ਕਿ ਆਪਣੀ ਅਣਗਹਿਲੀ ਨੂੰ ਛੁਪਾਉਣ ਲਈ ਕੇਜਰੀਵਾਲ ਨੇ 10 ਮਾਰਚ 2022 ਨੂੰ ਇੱਕ ਜਾਂਚ ਕਮੇਟੀ ਬਣਾਈ ਸੀ, ਪਰ ਅੱਜ ਤੱਕ ਦਿੱਲੀ ਦੇ ਲੋਕ ਉਸ ਕਮੇਟੀ ਦੀ ਰਿਪੋਰਟ ਦੀ ਉਡੀਕ ਕਰ ਰਹੇ ਹਨ। ਜਾਂਚ ਤੋਂ ਬਾਅਦ ਕੀ ਨਤੀਜੇ ਨਿਕਲਦੇ ਹਨ, ਇਨ੍ਹਾਂ ਮਰੀਜ਼ਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ, ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਹੋਈ ਹੈ ਜਾਂ ਨਹੀਂ, ਕੇਜਰੀਵਾਲ ਸਰਕਾਰ ਇਨ੍ਹਾਂ ਸਾਰੇ ਸਵਾਲਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਆਖਿਰ ਕੇਜਰੀਵਾਲ ਕਮੇਟੀ ਦੀ ਰਿਪੋਰਟ ਕਦੋਂ ਜਨਤਕ ਹੋਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੇ ਸਿਹਤ ਵਿਭਾਗ ਦੀ ਇਸ ਸੱਚਾਈ ਬਾਰੇ ਗੁਜਰਾਤ ਸਮੇਤ ਪੂਰਾ ਦੇਸ਼ ਜਾਣ ਚੁੱਕਾ ਹੈ, ਪਰ ਕੇਜਰੀਵਾਲ ਇਸ ਸੱਚਾਈ ਨੂੰ ਗੁਜਰਾਤ ਦੀ ਜਨਤਾ ਨੂੰ ਦੱਸਣਾ ਤਾਂ ਦੂਰ, ਵਿਕਾਸ ਦੇ ਆਪਣੇ ਖੋਖਲੇ ਮਾਡਲ ਦੀ ਵਡਿਆਈ ਕਰਦੇ ਨਹੀਂ ਥੱਕ ਰਹੇ।
ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਚੁੱਪ ਬੈਠੀ ਕੇਜਰੀਵਾਲ ਸਰਕਾਰ ਦੇ ਸਿਹਤ ਮਾਡਲ ਦਾ ਇੱਕ ਹੋਰ ਖੁਲਾਸਾ ਜੀਟੀਬੀ ਹਸਪਤਾਲ ਤੋਂ ਹੋਇਆ ਹੈ। ਜਦੋਂ ਦੂਜੀ ਲਹਿਰ ਦੌਰਾਨ ਇਸ ਹਸਪਤਾਲ ਵਿੱਚ 3793 ਮਰੀਜ਼ ਦਾਖ਼ਲ ਹੋਏ, ਜਿਨ੍ਹਾਂ ਵਿੱਚੋਂ 1545 ਮਰੀਜ਼ਾਂ ਦੀ ਮੌਤ ਹੋ ਗਈ। ਹੈਰਾਨੀ ਵਾਲੀ ਗੱਲ ਹੈ ਕਿ 44 ਫ਼ੀਸਦੀ ਮਰੀਜ਼ਾਂ ਦੀ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਜਰੀਵਾਲ ਕੋਵਿਡ ਦੌਰਾਨ ਹਰ ਰੋਜ਼ ਮਾਈਕ ’ਤੇ ਹੈਲਥ ਬੁਲੇਟਿਨ ਦਿੰਦੇ ਸਨ, ਫਿਰ ਉਸ ਵਿੱਚ ਇੰਨੀ ਵੱਡੀ ਘਟਨਾ ਕਿਉਂ ਛੁਪਾਈ ਗਈ। ਅੱਜ, ਦਿੱਲੀ ਦੇ ਜ਼ਿਆਦਾਤਰ ਸਰਕਾਰੀ ਹਸਪਤਾਲ ਖੁਦ ਬਿਮਾਰ ਪਏ ਹਨ ਅਤੇ ਲੋੜੀਂਦੀਆਂ ਸਿਹਤ ਸਹੂਲਤਾਂ ਦੀ ਘਾਟ ਹੈ।