ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਨਵੰਬਰ
ਮਹਾਰਾਸ਼ਟਰ ਵਿੱਚ ਪੱਤਰਕਾਰ ਅਰਨਬ ਗੋਸਵਾਮੀ ਨੂੰ ਗ੍ਰਿਫ਼ਤਾਰ ਕਰਨ ਦੀ ਨਿੰਦਾ ਕਰਦਿਆਂ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਸੂਬਾ ਦਫਤਰ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਦੇਸ਼ ਗੁਪਤਾ ਨੇ ਕਿਹਾ ਕਿ ਮਹਾਰਾਸ਼ਟਰ ਦੀ ਗੱਠਜੋੜ ਸਰਕਾਰ ਨੇ ਆਪਣੇ ਤਾਨਾਸ਼ਾਹੀ ਰਵੱਈਏ ਨਾਲ ਐਮਰਜੈਂਸੀ ਦੀ ਯਾਦ ਦਿਵਾ ਦਿੱਤੀ ਹੈ। ਉਨ੍ਹ੍ਵਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਪੱਤਰਕਾਰ ਗੋਸਵਾਮੀ ਨੂੰ ਜਾਣ ਬੁੱਝ ਕੇ ਗ੍ਰਿਫਤਾਰ ਕਰਵਾਇਆ ਗਿਆ ਹੈ ਤਾਂ ਜੋ ਚਾਰ ਸਾਲ ਪਹਿਲਾਂ ਬੰਦ ਕੀਤਾ ਕੇਸ ਮੁੜ ਖੋਲ੍ਹਿਆ ਜਾ ਸਕੇ। ਅਜਿਹਾ ਲੱਗਦਾ ਹੈ ਕਿ ਕਾਂਗਰਸ ਅਰਨਬ ਗੋਸਵਾਮੀ ਤੋਂ ਬਦਲਾ ਲੈ ਰਹੀ ਹੈ ਅਤੇ ਇਸ ਲਈ ਉਨ੍ਹਾਂ ਨਾਲ ਅਤਿਵਾਦੀਆਂ ਵਰਗਾ ਸਲੂਕ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅਰਨਬ ਗੋਸਵਾਮੀ ਉਤੇ ਪੁਲੀਸ ਵੈਨ ਵਿਚ ਲਿਜਾਂਦੇ ਸਮੇਂ ਹਮਲਾ ਕੀਤਾ ਗਿਆ ਤੇ ਅਣਮਨੁੱਖੀ ਸਲੂਕ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਭਾਜਪਾ ਹਮਲੇ ਦੀ ਸਖਤ ਨਿੰਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਕਹਿਣ ‘ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਇਸ ਮਾਮਲੇ ਚੁੱਪੀ ਕਿਉਂ ਧਾਰੀ ਬੈਠੇ ਹਨ। ਗੁਪਤਾ ਨੇ ਕਿਹਾ ਕਿ ਜਿਵੇਂ ਪੱਤਰਕਾਰਾਂ ਦਾ ਅਪਮਾਨ ਕਰਕੇ ਲੋਕਤੰਤਰ ਦਾ ਘਾਣ ਕੀਤਾ ਗਿਆ, ਅਜਿਹਾ ਹੀ ਕੁਝ ਐਮਰਜੈਂਸੀ ਦੌਰਾਨ ਹੋਇਆ ਸੀ। ਇਕ ਵਾਰ ਫਿਰ ਕਾਂਗਰਸ ਦਾ ਅਸਲ ਕਿਰਦਾਰ ਲੋਕਾਂ ਦੇ ਸਾਹਮਣੇ ਹੈ। ਕਾਂਗਰਸ ਨੇ ਸਿਰਫ ਇਕ ਪੱਤਰਕਾਰ ‘ਤੇ ਹਮਲਾ ਨਹੀਂ ਕੀਤਾ ਬਲਕਿ ਸਮੁੱਚਾ ਪੱਤਰਕਾਰ ਸਮਾਜ ਉਤੇ ਹਮਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਰਾਏਗੜ੍ਹ ਪੁਲੀਸ ਨੇ ਬੁੱਧਵਾਰ ਸਵੇਰੇ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਅਤੇ ਦੋ ਹੋਰ ਲੋਕਾਂ ਨੂੰ ਸਾਲ 2018 ਵਿੱਚ ਇੱਕ 53 ਸਾਲਾ ਡਿਜ਼ਾਈਨਰ ਅਤੇ ਉਸ ਦੀ ਮਾਂ ਦੀ ਖੁਦਕੁਸ਼ੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।