ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਕਤੂਬਰ
ਦਿੱਲੀ ਭਾਜਪਾ ਨੇ ਜੰਤਰ-ਮੰਤਰ ’ਤੇ ਕੇਜਰੀਵਾਲ ਤੇ ਸਿਸੋਦੀਆ ਦੇ ਪੁਤਲੇ ਫੂਕੇ ਤੇ ਕਿਹਾ ਕਿ ਹਰ ਰੋਜ਼ ਭ੍ਰਿਸ਼ਟਾਚਾਰ ਦੇ ਨਵੇਂ-ਨਵੇਂ ਤਰੀਕੇ ਉਲੀਕਣ ਦੀ ਡਿਕਸ਼ਨਰੀ ਸਿਰਫ਼ ਕੇਜਰੀਵਾਲ ਕੋਲ ਹੈ ਅਤੇ ਉਨ੍ਹਾਂ ਕੋਲ ਆਪਣੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਤੋਂ ਇਲਾਵਾ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਬਿਜਲੀ ਵਿੱਚ ਹੋਏ ਘਪਲੇ ਸਬੰਧੀ ਸ਼ੁਰੂ ਤੋਂ ਹੀ ਆਵਾਜ਼ ਉਠਾਉਂਦੀ ਆ ਰਹੀ ਹੈ। ਅੱਜ ਜਦੋਂ ਭ੍ਰਿਸ਼ਟਾਚਾਰ ਸਾਹਮਣੇ ਹੈ ਤਾਂ ਕੇਜਰੀਵਾਲ ਭਾਜਪਾ ’ਤੇ ਦਿੱਲੀ ਵਾਲਿਆਂ ਦੀ ਸਬਸਿਡੀ ਬੰਦ ਕਰਨ ਦੇ ਝੂਠੇ ਦੋਸ਼ ਲਗਾ ਰਹੇ ਹਨ।
ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਕੇਜਰੀਵਾਲ ਦੇ ਅੱਠ ਸਾਲਾਂ ਦੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਹੁਣ ਜ਼ਰੂਰੀ ਹੈ, ਜੋ ਆਪਣੇ ਕਾਰਜਕਾਲ ਦੌਰਾਨ ਸਿਰਫ ਘੁਟਾਲਿਆਂ ਦੀ ਲੜੀ ਚਲਾ ਰਿਹਾ ਸੀ। ਅੱਜ ਜੇਕਰ ਕੇਜਰੀਵਾਲ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਨੂੰ ਗਿਣਿਆ ਜਾਵੇ ਤਾਂ ਸ਼ਰਾਬ ਘੁਟਾਲਾ, ਬਿਜਲੀ ਘੁਟਾਲਾ, ਜਲ ਬੋਰਡ ਘੁਟਾਲਾ, ਡੀਟੀਸੀ ਘੁਟਾਲਾ, ਕਲਾਸ ਰੂਮ ਘੁਟਾਲਾ ਅਤੇ ਹਵਾਲਾ ਵਪਾਰੀਆਂ ਨਾਲ ਮਿਲ ਕੇ ਘੁਟਾਲਿਆਂ ਦੀ ਲੰਬੀ ਸੂਚੀ ਸਾਹਮਣੇ ਆਉਂਦੀ ਹੈ। ਕੁਲਜੀਤ ਸਿੰਘ ਚਾਹਲ, ਹਰਸ਼ ਮਲਹੋਤਰਾ, ਸੂਬਾ ਮੀਤ ਪ੍ਰਧਾਨ ਅਸ਼ੋਕ ਗੋਇਲ ਦੇਵਰਾਹਾ ਤੇ ਵਰਿੰਦਰ ਸਚਦੇਵਾ, ਪ੍ਰਦੇਸ਼ ਭਾਜਪਾ ਪੂਰਵਾਂਚਲ ਮੋਰਚਾ ਦੇ ਪ੍ਰਧਾਨ ਕੌਸ਼ਲ ਮਿਸ਼ਰਾ, ਮਹਿਲਾ ਮੋਰਚਾ ਪ੍ਰਧਾਨ ਯੋਗਿਤਾ ਸਿੰਘ, ਓਬੀਸੀ ਮੋਰਚਾ ਪ੍ਰਧਾਨ ਸੰਤੋਸ਼ ਪਾਲ, ਐੱਸਸੀ ਮੋਰਚਾ ਦੇ ਪ੍ਰਧਾਨ ਭੂਪੇਂਦਰ ਗੋਠਵਾਲ, ਸੂਬਾਈ ਬੁਲਾਰੇ ਅਦਿੱਤਿਆ ਝਾਅ, ਯਾਸਿਰ ਜਿਲਾਨੀ, ਰਿਚਾ ਪਾਂਡੇ ਮਿਸ਼ਰਾ ਤੇ ਪੂਜਾ ਸੂਰੀ, ਸਾਬਕਾ ਮੇਅਰ ਬਿਪਿਨ ਵਿਹਾਰੀ ਸਿੰਘ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਕੋਲ ਬਿਜਲੀ ਕੰਪਨੀਆਂ ਵਿੱਚ 49 ਫੀਸਦੀ ਹਿੱਸੇਦਾਰੀ ਹੈ। ਉਨ੍ਹਾਂ ਕਿਹਾ ਕਿ ਅੱਜ ਕੇਜਰੀਵਾਲ ਅਤੇ ਸਿਸੋਦੀਆ ਨੇ ਬਿਜਲੀ ਕੰਪਨੀਆਂ ਨਾਲ ਮਿਲ ਕੇ ਇਹ ਸਾਜ਼ਿਸ਼ ਆਪਣੇ ਚਹੇਤੇ ਨੂੰ ਇਸ ਦੇ ਬੋਰਡ ਵਿੱਚ ਨਾਮਜ਼ਦ ਕਰਨ ਲਈ ਕੀਤੀ ਹੈ ਤਾਂ ਜੋ ਉਹ ਇਸ ਤੋਂ ਮੋਟੀ ਕਮਾਈ ਕਰ ਸਕਣ। ਕੇਜਰੀਵਾਲ ਨੇ ਆਪਣੇ ਚਹੇਤੇ ਬੁਲਾਰੇ ਜੈਸਮੀਨ ਸ਼ਾਹ ਅਤੇ ਰਾਜ ਸਭਾ ਮੈਂਬਰ ਐਨਡੀ ਗੁਪਤਾ ਦੇ ਪੁੱਤਰ ਨਵੀਨ ਗੁਪਤਾ ਨੂੰ ਆਈਆਰਐਸ, ਦਿੱਲੀ ਸਰਕਾਰ ਦੇ ਵਿੱਤ ਵਿਭਾਗੀ ਅਧਿਕਾਰੀਆਂ ਦੀ ਥਾਂ ’ਤੇ ਨਿਯੁਕਤ ਕੀਤਾ ਹੈ।