ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜੁਲਾਈ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੁਰਗੇਸ਼ ਪਾਠਕ ਨੇ ਕਿਹਾ ਕਿ ਭਾਜਪਾ ਦੇ ਉੱਤਰੀ ਦਿੱਲੀ ਨਗਰ ਨਿਗਮ ਨੇ ਆਦੇਸ਼ ਦਿੱਤਾ ਹੈ ਕਿ ਉਹ ਉਨ੍ਹਾਂ ਬੱਚਿਆਂ ਨੂੰ ਰਾਸ਼ਨ ਨਹੀਂ ਦੇਵੇਗਾ, ਜੋ ਆਨਲਾਈਨ ਕਲਾਸਾਂ ਨਹੀਂ ਲਾ ਰਹੇ ਹਨ। ਪਿਛਲੇ ਡੇਢ ਸਾਲ ਤੋਂ ਉਨ੍ਹਾਂ ਨੇ ਬੱਚਿਆਂ ਦਾ ਰਾਸ਼ਨ ਬੰਦ ਕਰ ਦਿੱਤਾ ਹੈ ਤੇ ਜਦੋਂ ਉਹ ਇਸ ਨੂੰ ਵੰਡਣ ਲਈ ਤਿਆਰ ਹਨ ਤਾਂ ਉਨ੍ਹਾਂ ਨੇ ਅਜਿਹੀ ਅਣਮਨੁੱਖੀ ਸ਼ਰਤ ਜੋੜ ਦਿੱਤੀ ਹੈ। ਸ਼ਾਇਦ ਉਹ ਭੁੱਲ ਗਏ ਹਨ ਕਿ ਸਿਰਫ ਦਿੱਲੀ ਦੇ ਸਭ ਤੋਂ ਗਰੀਬ ਬੱਚੇ, ਝੁੱਗੀਆਂ-ਝੌਂਪੜੀਆਂ ਵਿਚ ਰਹਿਣ ਵਾਲੇ ਬੱਚੇ, ਐੱਮਸੀਡੀ ਸਕੂਲਾਂ ਵਿਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲਗਭਗ 3 ਲੱਖ ਬੱਚੇ ਐੱਮਸੀਡੀ ਦੇ ਸਕੂਲਾਂ ਵਿੱਚ ਪੜ੍ਹਦੇ ਹਨ। ਇਸ ’ਚੋਂ 40-50 ਫ਼ੀਸਦ ਬੱਚੇ ਆਨਲਾਈਨ ਕਲਾਸਾਂ ਲਾਉਣ ਦੇ ਯੋਗ ਨਹੀਂ ਹਨ ਕਿਉਂਕਿ ਇਨ੍ਹਾਂ ਬੱਚਿਆਂ ਕੋਲ ਨਾ ਤਾਂ ਸਮਾਰਟ ਫੋਨ ਹੈ ਤੇ ਨਾ ਹੀ ਇੰਟਰਨੈੱਟ ਦੀ ਸਹੂਲਤ। ਆਮ ਆਦਮੀ ਪਾਰਟੀ ਨੇ ਇਸ ਸ਼ਰਤ ਨੂੰ ਖਤਮ ਕਰਨ ਤੇ ਸਾਰੇ ਬੱਚਿਆਂ ਵਿਚ ਰਾਸ਼ਨ ਵੰਡਣ ਦੀ ਮੰਗ ਕੀਤੀ ਹੈ। ਇਹ ਦਿੱਲੀ ਸਰਕਾਰ ਦਾ ਰਾਸ਼ਨ ਹੈ, ਕਿਰਪਾ ਕਰਕੇ ਜਲਦੀ ਤੋਂ ਜਲਦੀ ਸਾਰੇ ਬੱਚਿਆਂ ਵਿਚ ਰਾਸ਼ਨ ਵੰਡੋ।
ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ, ‘ਅਸੀਂ ਭਾਰਤੀ ਜਨਤਾ ਪਾਰਟੀ ਦੁਆਰਾ ਸ਼ਾਸਿਤ ਐੱਮਸੀਡੀ ਨੂੰ ਬੱਚਿਆਂ ਵਿਚ ਮਿੱਡ-ਡੇਅ ਮੀਲ ਰਾਸ਼ਨ ਵੰਡਣ ਲਈ ਕਈ ਵਾਰ ਪ੍ਰੈੱਸ ਕਾਨਫਰੰਸਾਂ ਕਰਕੇ ਬੇਨਤੀ ਕੀਤੀ ਹੈ। ਇਥੋਂ ਤੱਕ ਕਿ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਇੱਕ ਬੇਨਤੀ ਕੀਤੀ ਪਰ ਦਿੱਲੀ ਭਾਜਪਾ ਪਿਛਲੇ ਡੇਢ ਸਾਲ ਤੋਂ ਰਾਸ਼ਨ ਨਹੀਂ ਵੰਡ ਰਹੀ। ਦੁਰਗੇਸ਼ ਪਾਠਕ ਨੇ ਕੁਝ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੱਲ ਰਾਸ਼ਨ ਵੰਡਣ ਦਾ ਆਦੇਸ਼ ਲਿਆ ਹੈ। ਸਾਡੇ ਕੌਂਸਲਰਾਂ ਨੇ ਸਦਨ ਵਿੱਚ ਇਹ ਮੁੱਦਾ ਉਠਾਇਆ ਤੇ ਸਥਾਈ ਕਮੇਟੀ ਦੇ ਸਾਹਮਣੇ ਵੀ ਇੱਕ ਪ੍ਰੈੱਸ ਕਾਨਫਰੰਸ ਕੀਤੀ।
ਨਿਗਮ ਨੇ ਰਾਸ਼ਨ ’ਤੇ ਕੋਈ ਸ਼ਰਤ ਨਹੀਂ ਲਗਾਈ: ਭਾਜਪਾ ਬੁਲਾਰਾ
ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਹੈ ਕਿ ਉੱਤਰੀ ਦਿੱਲੀ ਨਗਰ ਨਿਗਮ ਨੇ ਆਨਲਾਈਨ ਕਲਾਸਾਂ ਵਿਚ ਜਾਣ ਤੋਂ ਅਸਮਰੱਥ ਵਿਦਿਆਰਥੀਆਂ ਨੂੰ ਮਿੱਡ-ਡੇਅ ਮੀਲ ਰਾਸ਼ਨ ਨਾ ਦੇਣ ਦਾ ਕੋਈ ਆਦੇਸ਼ ਜਾਰੀ ਨਹੀਂ ਕੀਤਾ। ਸਾਰੇ ਬੱਚਿਆਂ ਨੂੰ ਰਾਸ਼ਨ ਮਿਲਦਾ ਰਹੇਗਾ। ਕਿਸ ਆਧਾਰ ’ਤੇ ਦੁਰਗੇਸ਼ ਪਾਠਕ ਨੇ ਅਜਿਹੇ ਗੁਮਰਾਹਕੁੰਨ ਬਿਆਨ ਦਿੱਤੇ ਹਨ, ਇਹ ਸਮਝ ਤੋਂ ਬਾਹਰ ਹੈ ਤੇ ਇਹ ਸਪੱਸ਼ਟ ਹੈ ਕਿ ਇਸ ਬੇਯਕੀਨੀ ਬਿਆਨਬਾਜ਼ੀ ਦਾ ਉਦੇਸ਼ ਸਿਰਫ ਨਗਰ ਨਿਗਮ ਨੂੰ ਸਿਆਸੀ ਤੌਰ ’ਤੇ ਬਦਨਾਮ ਕਰਨਾ ਹੈ।