ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਸਤੰਬਰ
ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਨੇ ਹਰ ਵਾਰ ਦੀ ਤਰ੍ਹਾਂ ਐਮਸੀਡੀ ਚੋਣਾਂ ਤੋਂ ਪਹਿਲਾਂ ਹਿੰਦੂਆਂ ਨੂੰ ਮੁਸਲਮਾਨਾਂ ਨਾਲ ਲੜਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਲਈ ਚੋਣਾਂ ਵਿੱਚ ਧਰਮ ਦੇ ਆਧਾਰ ਤੇ ਵੋਟਾਂ ਮੰਗੀਆਂ ਜਾਣਗੀਆਂ।
ਭਾਜਪਾ ਸ਼ਾਸਤ ਪੂਰਬੀ ਦਿੱਲੀ ਨਗਰ ਨਿਗਮ ਨੇ ਮੰਦਰ ਨੂੰ ਢਾਹੁਣ ਤੇ ਚੌਹਾਨ ਬਾਗੜ ਦੇ ਮੁਸਲਿਮ ਬਹੁਲ ਖੇਤਰ ਵਿੱਚ ਇੱਕ ਇਮਾਰਤ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਚੌਹਾਨ ਬੰਗੜ ਸਥਿਤ ਸੌ ਸਾਲ ਪੁਰਾਣੇ ਮੰਦਰ ’ਤੇ ਬੋਰਡ ਲਗਾਇਆ ਗਿਆ ਹੈ ਕਿ ਈਡੀਐਮਸੀ ਨੇ ਇਸ ਮੰਦਰ ਦੇ ਸਥਾਨ ’ਤੇ ਇਮਾਰਤ ਦੀ ਯੋਜਨਾ ਨੂੰ ਪਾਸ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਇਸ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਤਾਂ ਸਾਡੇ ਸਾਰੇ ਕੌਂਸਲਰਾਂ ਨੂੰ 15 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ। ਭਾਜਪਾ ਨੇ ਓਖਲਾ ਵਿੱਚ ਦੰਗੇ ਭੜਕਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਫਿਰ ਮੁਸਲਿਮ ਸਮਾਜ ਹਾਈ ਕੋਰਟ ਗਿਆ ਤੇ ਮੰਦਰ ਢਾਹੁਣ ਦੀ ਭਾਜਪਾ ਦੀ ਸਾਜ਼ਿਸ਼ ਦਾ ਪਰਦਾਫ਼ਾਸ਼ ਕੀਤਾ।
ਵਿਧਾਇਕ ਭਾਰਦਵਾਜ ਨੇ ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਕੁਝ ਮਹੀਨਿਆਂ ਬਾਅਦ ਦਿੱਲੀ ਦੇ ਅੰਦਰ ਚੋਣਾਂ ਹੋਣਗੀਆਂ। ਭਾਜਪਾ ਨੇ ਉਸੇ ਤਰ੍ਹਾਂ ਤਿਆਰੀ ਕੀਤੀ ਹੈ ਜਿਵੇਂ ਹਰ ਚੋਣਾਂ ਤੋਂ ਪਹਿਲਾਂ ਕਰਦੀ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ, ਦਿੱਲੀ ਵਿਧਾਨ ਸਭਾ 2015, 2020 ਦੀਆਂ ਚੋਣਾਂ ਦੀ ਤਰ੍ਹਾਂ ਭਾਜਪਾ ਨੇ ਵੀ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਕਰ ਲਈਆਂ ਹਨ। ਹਿੰਦੂਆਂ ਦਾ ਮੁਕਾਬਲਾ ਮੁਸਲਮਾਨਾਂ ਨਾਲ ਅਤੇ ਹਿੰਦੂਆਂ ਦਾ ਈਸਾਈਆਂ ਨਾਲ ਟਕਰਾਅ ਕਰਵਾਉਣ ਦੀ ਕਥਿਤ ਕੋਸ਼ਿਸ਼ ਕੀਤੀ ਸੀ ਤਾਂ ਕਿ ਧਰਮ ਦੇ ਆਧਾਰ ’ਤੇ ਵੋਟਾਂ ਮੰਗੀਆਂ ਜਾਣ।