ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜਨਵਰੀ
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਮੁਲਾਜ਼ਮਾਂ ਦੀ ਤਨਖਾਹ ਲਈ ਦਿੱਲੀ ਨਗਰ ਨਿਗਮ ਨੂੰ 938 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਫੰਡਾਂ ’ਤੇ ਨਜ਼ਰ ਰੱਖਣ ਤਾਂ ਜੋ ਕੇਜਰੀਵਾਲ ਸਰਕਾਰ ਵੱਲੋਂ ਭੇਜਿਆ ਗਿਆ ਪੈਸਾ ਭਾਜਪਾ ਨਾ ਖਾਵੇ। ਉਨ੍ਹਾਂ ਕਿਹਾ ਕਿ ਐੱਮ.ਸੀ.ਡੀ. ਕਰਮਚਾਰੀਆਂ ਦੇ ਦੁੱਖ ਨੂੰ ਵੇਖਦਿਆਂ ਮੁੱਖ ਮੰਤਰੀ ਦੇ ਆਦੇਸ਼ਾਂ ’ਤੇ ਦਿੱਲੀ ਸਰਕਾਰ ਨੇ ਇਨ੍ਹਾਂ ਯੋਜਨਾਵਾਂ ਤੋਂ 938 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ।
ਸ੍ਰੀ ਸਿਸੋਦੀਆ ਨੇ ਇਹ ਐਲਾਨ ਅੱਜ ਇੱਕ ਪ੍ਰੈੱਸ ਕਾਨਫਰੰਸ ਵਿੱਚ ਕੀਤਾ। ਉਨ੍ਹਾਂ ਕਿਹਾ ਕਿ 14 ਸਾਲ ਪਹਿਲਾਂ ਸੱਤਾ ਵਿੱਚ ਆਈ ਭਾਜਪਾ ਨੇ ਤਿੰਨੋਂ ਨਗਰ ਨਿਗਮਾਂ ਨੂੰ ਪੂਰੀ ਤਰ੍ਹਾਂ ਦੀਵਾਲੀਆ ਕਰ ਦਿੱਤਾ ਹੈ। ਇੰਨੀ ਬੁਰੀ ਤਰ੍ਹਾਂ ਚੂਸਿਆ ਕਿ ਕਾਰਪੋਰੇਸ਼ਨ ਦੇ ਆਪਣੇ ਬੈਂਕ ਖਾਤੇ ਵਿੱਚ ਸਿਰਫ 12 ਕਰੋੜ ਰੁਪਏ ਬਚੇ ਹਨ ਜਦੋਂ ਕਿ ਪੂਰਬੀ ਨਗਰ ਨਿਗਮ ਕੋਲ ਸਿਰਫ 99 ਲੱਖ ਰੁਪਏ ਹਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਦਾ ਐੱਮਸੀਡੀ ’ਤੇ 6,276 ਕਰੋੜ ਰੁਪਏ ਬਕਾਇਆ ਹੈ। ਭਾਜਪਾ ਨੇ ਇੰਨੀ ਵੱਡੀ ਰਕਮ ਦਾ ਕਰਜ਼ਾ ਚੁਕਿਆ, ਹੁਣ ਨਗਰ ਨਿਗਮ ਕੋਲ ਆਪਣੇ ਕਰਮਚਾਰੀਆਂ ਨੂੰ ਭੁਗਤਾਨ ਕਰਨ ਲਈ ਪੈਸੇ ਵੀ ਨਹੀਂ ਹਨ। ਸਫਾਈ, ਸੈਨੇਟਰੀ ਕਰਮਚਾਰੀ, ਅਧਿਆਪਕ, ਮੈਡੀਕਲ ਸਟਾਫ ਆਦਿ ਨੂੰ ਤਨਖਾਹ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਅਜਿਹਾ ਭ੍ਰਿਸ਼ਟ ਨਗਰ ਨਿਗਮ ਦੁਨੀਆ ਵਿੱਚ ਕਿਤੇ ਵੀ ਨਹੀਂ ਮਿਲਦਾ। ਖੁਦ ਭਾਜਪਾ ਆਗੂ ਮੰਨਦੇ ਹਨ ਕਿ ਐੱਮਸੀਡੀ ਵਿੱਚ ਬਹੁਤ ਭ੍ਰਿਸ਼ਟਾਚਾਰ ਹੈ। ਇਹੀ ਕਾਰਨ ਹੈ ਕਿ ਦੇਸ਼ ਦੀਆਂ ਹੋਰ ਸਾਰੀਆਂ ਮਿਉਂਸਿਪਲ ਸੰਸਥਾਵਾਂ ਨੂੰ ਕੇਂਦਰ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਜਦੋਂਕਿ ਦਿੱਲੀ ਨਗਰ ਨਿਗਮ ਨੂੰ ਕੇਂਦਰ ਸਰਕਾਰ ਵੱਲੋਂ ਕੋਈ ਰਕਮ ਨਹੀਂ ਮਿਲਦੀ। ਆਖਰਕਾਰ ਇਹ ਕੀ ਕਾਰਨ ਹੈ ਕਿ ਕਾਂਗਰਸ, ਸਮਾਜਵਾਦੀ ਪਾਰਟੀ, ਖੱਬੇਪੱਖੀ ਜਾਂ ਹੋਰ ਪਾਰਟੀਆਂ ਦੀ ਅਗਵਾਈ ਵਾਲੀਆਂ ਨਗਰ ਨਿਗਮ ਸੰਸਥਾਵਾਂ ਨੂੰ ਕੇਂਦਰ ਦਾ ਸਮਰਥਨ ਮਿਲਦਾ ਹੈ ਪਰ ਭਾਜਪਾ ਸ਼ਾਸਿਤ ਦਿੱਲੀ ਮਿਉਂਸਪਲ ਕਾਰਪੋਰੇਸ਼ਨ ਨੂੰ ਕੇਂਦਰ ਤੋਂ ਇੱਕ ਪੈਸਾ ਵੀ ਨਹੀਂ ਮਿਲਦਾ। ਉਪ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਨੂੰ ਕੇਂਦਰ ਤੋਂ 11500 ਕਰੋੜ ਰੁਪਏ ਪ੍ਰਾਪਤ ਕਰਨੇ ਚਾਹੀਦੇ ਹਨ।