ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜੂਨ
ਦਿੱਲੀ ਦੀਆਂ ਤਿੰਨ ਨਗਰ ਨਿਗਮਾਂ (ਉੱਤਰੀ ਦਿੱਲੀ, ਪੂਰਬੀ ਦਿੱਲੀ ਅਤੇ ਦੱਖਣੀ ਦਿੱਲੀ) ਵਿੱਚ ਭਾਜਪਾ ਨੇ ਮੇਅਰ ਤੇ ਡਿਪਟੀ ਮੇਅਰ ਚੋਣਾਂ ਲਈ ਨਾਮਜ਼ਦਗੀ ਦੇ ਆਖ਼ਰੀ ਦਿਨ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਸਾਰੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਭਾਜਪਾ ਨੇ ਰਾਜਾ ਇਕਬਾਲ ਸਿੰਘ ਨੂੰ ਉੱਤਰੀ ਦਿੱਲੀ ਨਗਰ ਨਿਗਮ ਲਈ ਮੇਅਰ ਦੇ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਹੈ, ਜੋ 2017 ਵਿਚ ਅਕਾਲੀ ਦਲ ਦੇ ਉਮੀਦਵਾਰ ਵਜੋਂ ਨਿਗਮ ਚੋਣਾਂ ਜਿੱਤੇ ਸਨ।
ਇਸ ਦੇ ਨਾਲ ਹੀ ਮੁਕੇਸ਼ ਸੂਰਿਆਨ ਦੱਖਣੀ ਦਿੱਲੀ ਨਗਰ ਨਿਗਮ ਵਿੱਚ, ਜਦੋਂ ਕਿ ਸ਼ਿਆਮ ਸੁੰਦਰ ਅਗਰਵਾਲ ਪੂਰਬੀ ਦਿੱਲੀ ਨਗਰ ਨਿਗਮ ਵਿਚ ਮੇਅਰ ਦੇ ਅਹੁਦੇ ਲਈ ਚੋਣ ਮੈਦਾਨ ਵਿਚ ਹਨ। ਜ਼ਿਕਰਯੋਗ ਹੈ ਪਹਿਲਾਂ ਨਾਮਜ਼ਦਗੀਆਂ ਦਾਖਲ ਕਰਨ ਦੀ ਆਖ਼ਰੀ ਤਰੀਕ 31 ਮਈ ਸੀ ਅਤੇ 8 ਜੂਨ ਨੂੰ ਵੋਟਾਂ ਪੈਣੀਆਂ ਸਨ, ਪਰ ਦਿੱਲੀ ਸਰਕਾਰ ਵੱਲੋਂ ਕਰੋਨਾ ਕਾਰਨ ਰਾਜਧਾਨੀ ਵਿੱਚ ਤਾਲਾਬੰਦੀ ਕਰ ਦਿੱਤੀ ਗਈ। ਤਾਲਾਬੰਦੀ ਦੇ ਮੱਦੇਨਜ਼ਰ ਨਾਮਜ਼ਦਗੀਆਂ ਦਾਖਲ ਕਰਨ ਦੀ ਆਖ਼ਰੀ ਤਰੀਕ 8 ਜੂਨ ਤੇ ਵੋਟਾਂ ਦੀ ਤਰੀਕ 16 ਜੂਨ ਤੈਅ ਕਰ ਦਿੱਤੀ ਸੀ। ਜਾਣਕਾਰੀ ਮੁਤਾਬਿਕ ਭਾਜਪਾ ਵੱਲੋਂ ਮੇਅਰ, ਡਿਪਟੀ ਮੇਅਰ ਅਤੇ ਤਿੰਨੋਂ ਨਿਗਮਾਂ ਵਿੱਚ ਸਥਾਈ ਕਮੇਟੀ ਦੇ ਤਿੰਨ ਮੈਂਬਰਾਂ ਲਈ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਨਾਮਜ਼ਦ ਕਰਨ ਵਾਲੇ ਭਾਜਪਾ ਕੌਂਸਲਰ ਦੀ 16 ਜੂਨ ਨੂੰ ਹੋਣ ਵਾਲੀ ਕਾਰਪੋਰੇਸ਼ਨਾਂ ਦੀ ਮੀਟਿੰਗ ਵਿੱਚ ਬਿਨਾਂ ਮੁਕਾਬਲਾ ਚੁਣਿਆ ਜਾਣਾ ਤੈਅ ਹੋਇਆ ਹੈ, ਕਿਉਂਕਿ ਤਿੰਨੋਂ ਕਾਰਪੋਰੇਸ਼ਨਾਂ ਵਿਚ ਭਾਜਪਾ ਕੋਲ ਬਹੁਮਤ ਹੈ।