ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜੂਨ
ਕਾਂਗਰਸ ਉਮੀਦਵਾਰ ਪ੍ਰੇਮ ਲਤਾ ਨੇ ਰਾਜਿੰਦਰ ਨਗਰ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਪ੍ਰਚਾਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਰਾਵਲ ਨਗਰ ਤੋਂ ਇੱਕ ਹਾਰੇ ਹੋਏ ਬਾਹਰੀ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਰਾਜਿੰਦਰ ਨਗਰ ਵਿਧਾਨ ਸਭਾ ਲਈ ਉਪ ਚੋਣ ਦਾ ਐਲਾਨ ਹੋਣ ਦੇ ਬਾਵਜੂਦ ‘ਆਪ’ ਅਤੇ ਭਾਜਪਾ ਦੋਵੇਂ ਹੀ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੀਆਂ ਹਨ। ਦਿੱਲੀ ਨਗਰ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਦੇ ਪੋਸਟਰ ਕੰਧਾਂ ‘ਤੇ ਲਗਾਉਣ ਲਈ ਸਰਕਾਰੀ ਮਸ਼ੀਨਰੀ ਦੀ ਨਾਜਾਇਜ਼ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੁਰਗੇਸ਼ ਪਾਠਕ ਵਰਗੇ ਆਗੂਆਂ ਨੂੰ ਉਪ ਚੋਣਾਂ ਵਿੱਚ ਮੈਦਾਨ ਵਿੱਚ ਉਤਾਰ ਕੇ ਆਮ ਆਦਮੀ ਪਾਰਟੀ ਦਾ ਅਕਸ ਨੰਗਾ ਹੋ ਗਿਆ ਹੈ। ਦੂਜੇ ਪਾਸੇ ਭਾਜਪਾ ਦੇ ਉਮੀਦਵਾਰ ਪੈਸੇ ਦੇ ਜ਼ੋਰ ‘ਤੇ ਚੋਣ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਰਾਜਿੰਦਰ ਨਗਰ ਦੇ ਲੋਕ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਰਹੇ ਹਨ। ਕਾਂਗਰਸੀ ਉਮੀਦਵਾਰ ਨੇ ਕਿਹਾ ਕਿ 2020 ਦੀਆਂ ਚੋਣਾਂ ਵਿੱਚ ਦੁਰਗੇਸ਼ ਪਾਠਕ ਵੱਲੋਂ ਮਲਟੀ ਵਾਇਰ ਐਂਟਰਪ੍ਰਾਈਜ਼ ਲਿਮਟਿਡ ਦੇ ਡਾਇਰੈਕਟਰ ਹੋਣ ਦੀ ਗੱਲ ਨੂੰ ਛੁਪਾਉਣ ਦੇ ਕੀ ਕਾਰਨ ਸਨ। ਕੀ ਦੁਰਗੇਸ਼ ਪਾਠਕ ਨੇ ਵੀ ਗੈਰ-ਕਾਨੂੰਨੀ ਲੈਣ-ਦੇਣ ਅਤੇ ਕਾਲੇ ਧਨ ਨੂੰ ਛੁਪਾਉਣ ਲਈ ਅਜਿਹਾ ਕੀਤਾ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੁਰਗੇਸ਼ ਪਾਠਕ ਨੂੰ ਰਾਜਿੰਦਰ ਨਗਰ ਦੇ ਲੋਕਾਂ ਦੀਆਂ ਸਮੱਸਿਆਵਾਂ ਦੀ ਕੋਈ ਜਾਣਕਾਰੀ ਨਹੀਂ ਹੈ।