ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਫਰਵਰੀ
‘ਆਪ’ ਵਿਧਾਇਕ ਸੋਮਨਾਥ ਭਾਰਤੀ ਨੇ ਕਿਹਾ ਕਿ ਭਾਜਪਾ ਸ਼ਾਸਿਤ ਐਮਸੀਡੀ ਹਰ ਵਾਰ ਨੌਕਰੀ ਪੱਕੀ ਕਰਨ ਦਾ ਝੂਠਾ ਭਰੋਸਾ ਦੇ ਕੇ ਡੀਬੀਸੀ ਮੁਲਾਜ਼ਮਾਂ ਨੂੰ ਗੁਮਰਾਹ ਕਰ ਰਹੀ ਹੈ। ਸਾਊਥ ਐਮਸੀਡੀ ਨੇ ਖ਼ੁਦ ਮੰਨਿਆ ਕਿ ਡੀਬੀਸੀ ਕਰਮਚਾਰੀ ਪਿਛਲੇ 22 ਸਾਲਾਂ ਤੋਂ ਲਗਾਤਾਰ ਸੇਵਾ ਦੇ ਰਹੇ ਹਨ। ਪਰ ਭਾਜਪਾ ਦੀਆਂ ਨੀਤੀਆਂ ਤੇ ਨੀਅਤ ਨੇ ਮੁਲਾਜ਼ਮਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਕਰਮਚਾਰੀਆਂ ਨੂੰ ਭਰੋਸਾ ਦਿੰਦੇ ਹੋਏ ਸੋਮਨਾਥ ਭਾਰਤੀ ਨੇ ਕਿਹਾ ਕਿ ਸਿਰਫ਼ ਦੋ ਮਹੀਨੇ ਦੀ ਗੱਲ ਹੈ ਜਨਤਾ ਦੇ ਹਿਸਾਬ ਨਾਲ ਇਸ ਵਾਰ ਐਮਸੀਡੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਵੇਗੀ, ਉਸ ਤੋਂ ਬਾਅਦ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਦੀ ਲੋਕ-ਪੱਖੀ ਨੀਤੀ ਨੇ ਜਲ ਬੋਰਡ ਦੇ 700 ਮੁਲਾਜ਼ਮਾਂ ਨੂੰ ਪੱਕਾ ਕੀਤਾ ਹੈ, ਉਸੇ ਤਰ੍ਹਾਂ ਡੀਬੀਸੀ ਮੁਲਾਜ਼ਮਾਂ ਨੂੰ ਵੀ ਜਲਦੀ ਹੀ ਰੈਗੂਲਰ ਕਰ ਦਿੱਤਾ ਜਾਵੇਗਾ। ਇਸੇ ਦੌਰਾਨ ਪ੍ਰੇਮ ਚੌਹਾਨ ਨੇ ਕਿਹਾ ਕਿ ਰੈਗੂਲਰ ਕਰਨਾ ਤਾਂ ਦੂਰ, ਭਾਜਪਾ ਸ਼ਾਸਿਤ ਐਮਸੀਡੀ ਡੀਬੀਸੀ ਮੁਲਾਜ਼ਮਾਂ ਨੂੰ ਸਨਮਾਨਜਨਕ ਅਹੁਦੇ ਵੀ ਨਹੀਂ ਦੇ ਰਹੀ। ਉਹ ਪਿਛਲੇ 15 ਸਾਲਾਂ ਤੋਂ ਉਸ ਦਾ ਸ਼ੋਸ਼ਣ ਕਰ ਰਹੀ ਹੈ।
ਭਾਰਤੀ ਨੇ ਐਤਵਾਰ ਨੂੰ ਪਾਰਟੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਇਸ ਫੋਰਮ ਤੋਂ ਐਮਸੀਡੀ ਕਰਮਚਾਰੀਆਂ ਦੀ ਹਾਲਤ ਅਤੇ ਐਮਸੀਡੀ ਵਿੱਚ ਫੈਲੇ ਭ੍ਰਿਸ਼ਟਾਚਾਰ ਬਾਰੇ ਕਈ ਵਾਰ ਦੱਸਿਆ ਹੈ। ਭਾਜਪਾ ਨੇ ਹਰ ਵਿਭਾਗ ਨੂੰ ਇਸ ਤਰ੍ਹਾਂ ਖੋਖਲਾ ਕਰ ਦਿੱਤਾ ਹੈ ਕਿ ਅੱਜ ਹਰ ਕਰਮਚਾਰੀ, ਹਰ ਅਧਿਕਾਰੀ ਦੁਖੀ ਹੈ।
ਜਦੋਂ ਵੀ ਦਿੱਲੀ ਵਿੱਚ ਕੋਈ ਸਿਹਤ ਸਬੰਧੀ ਸਮੱਸਿਆ ਸ਼ੁਰੂ ਹੁੰਦੀ ਹੈ, ਚਾਹੇ ਉਹ ਕਰੋਨਾ ਹੋਵੇ, ਡੇਂਗੂ ਹੋਵੇ, ਚਿਕਨਗੁਨੀਆ ਹੋਵੇ, ਡੀਬੀਸੀ ਸਟਾਫ ਯਾਨੀ ‘ਘਰੇਲੂ ਬਰੀਡਿੰਗ ਚੈਕਰ’ ਅਜਿਹੀ ਸਥਿਤੀ ਦਾ ਜਾਇਜ਼ਾ ਲੈਂਦਾ ਹੈ। ਕਰੋਨਾ ਦੇ ਪੂਰੇ ਦੌਰ ਵਿੱਚ ਉਸ ਨੇ ਆਪਣੀ ਜਾਨ ਦਾਅ ’ਤੇ ਲਗਾ ਕੇ ਕੰਮ ਕੀਤਾ ਹੈ। ਉਸ ਨੇ ਕਿਹਾ ਕਿ ਹਰ ਕਰਮਚਾਰੀ ਦਾ ਸੁਫ਼ਨਾ ਹੁੰਦਾ ਹੈ ਕਿ ਉਸ ਦੀ ਨੌਕਰੀ ਪੱਕੀ ਹੋਵੇ।