ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਜਨਵਰੀ
ਦਿੱਲੀ ਵਿੱਚ ਬਰਡ ਫਲੂ ਕਾਰਨ ਪੰਛੀਆਂ ਦੀ ਮੌਤ ਦੀ ਪੁਸ਼ਟੀ ਹੋਣ ਮਗਰੋਂ ਹੁਣ ਦਿੱਲੀ ਵਾਸੀ ਗੋਲ਼ੇ ਕਬੂਤਰਾਂ ਤੋਂ ਡਰਨ ਲੱਗੇ ਹਨ। ਸਿਹਤ ਮਾਹਿਰਾਂ ਨੇ ਲੋਕਾਂ ਨੂੰ ਉਨ੍ਹਾਂ ਥਾਵਾਂ ਤੋਂ ਦੂਰ ਰਹਿਣ ਲਈ ਕਿਹਾ ਹੈ, ਜਿੱਥੇ ਕਬੂਤਰਾਂ ਨੂੰ ਜਨਤਕ ਥਾਵਾਂ ਉਪਰ ਦਾਣੇ ਪਾਏ ਜਾਂਦੇ ਹਨ। ਦਿੱਲੀ ਵਿੱਚ ਥਾਂ-ਥਾਂ ਅਜਿਹੇ ਚੌਕਾਂ ਉਪਰ ਲੋਕ ਧਾਰਮਿਕ ਭਾਵਨਾਵਾਂ ਤਹਿਤ ਜਾਨਵਰਾਂ ਨੂੰ ਚੋਗਾ ਪਾਉਣ ਆਉਂਦੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕਬੂਤਰ ਦੇ ਖੰਭ ਤੇ ਬਿੱਠਾਂ ਵੀ ਬਿਮਾਰੀ ਦਾ ਕਾਰਨ ਬਣਦੀਆਂ ਹਨ ਅਤੇ ਇਨ੍ਹਾਂ ਨਾਲ ਛੂਤ, ਚਮੜੀ ਤੇ ਸਾਹ ਦੀਆਂ ਬਿਮਾਰੀਆਂ ਲੱਗਦੀਆਂ ਹਨ। ਮਾਹਿਰਾਂ ਨੇ ਕਿਹਾ ਕਿ ਹੁਣ ਬੱਤਖ਼ਾਂ ਤੇ ਕਾਵਾਂ ਵਿੱਚ ਇਹ ਰੋਗਾਣੂ ਪਾਇਆ ਗਿਆ ਹੈ ਤੇ ਅੱਗੋਂ ਹੋਰ ਜਾਨਵਰਾਂ ਵਿੱਚ ਵੀ ਆ ਸਕਦਾ ਹੈ।
ਨਗਰ ਨਿਗਮ ਦੇ ਤਿੰਨਾਂ ਜ਼ੋਨਾਂ ਵੱਲੋਂ ਵੀ ਲੋਕਾਂ ਨੂੰ ਬਰਡ ਫਲੂ ਦੇ ਬਚਾਅ ਤੋਂ ਤਿਆਰੀ ਕੀਤੀ ਗਈ ਹੈ। ਦਿੱਲੀ ਨਗਰ ਨਿਗਮ ਐਕਟ ਤਹਿਤ ਜੋ ਜਾਨਵਰ ਮਨੁੱਖੀ ਸਿਹਤ ਲਈ ਖ਼ਤਰਨਾਕ ਹੋ ਜਾਣ ਉਨ੍ਹਾਂ ਨੂੰ ਹਟਾਇਆ ਜਾ ਸਕਦਾ ਹੈ। ਦਿੱਲੀ ਵਿੱਚ ਗੋਲੇ ਕਬੂਤਰਾਂ ਦੀ ਬਹੁਤਾਦ ਹੈ ਤੇ ਇਹ ਸ਼ਹਿਰ ਦੀਆਂ ਉੱਚੀਆਂ ਇਮਾਰਤਾਂ ਸਮੇਤ ਹੋਰ ਲੁਕਣ ਵਾਲੀਆਂ ਥਾਵਾਂ ਉਪਰ ਪਾਏ ਜਾਂਦੇ ਹਨ। ਸ਼ਹਿਰ ਦੇ ਕਰੀਬ 100 ਚੌਕਾਂ ਜਾਂ ਜਨਤਕ ਥਾਵਾਂ ਉਪਰ ਲੋਕ ਗੋਲੇ ਕਬੂਤਰਾਂ ਨੂੰ ਦਾਣੇ ਪਾਉਂਦੇ ਹਨ।
ਮੀਟ ਤੇ ਆਂਡਿਆਂ ਦੇ ਭਾਅ ਡਿੱਗੇ
ਬਰਡ ਫਲੂ ਕਾਰਨ ਹੁਣ ਮੁਰਗਿਆਂ ਦੇ ਮੀਟ ਤੇ ਆਂਡਿਆਂ ਦੇ ਭਾਅ ਡਿੱਗ ਪਏ ਹਨ। ਜੋ ਮੀਟ ਪਹਿਲਾਂ 200-300 ਰੁਪਏ ਕਿਲੋ ਮਿਲਦਾ ਸੀ ਹੁਣ 50 ਰੁਪਏ ਨੂੰ ਪੱਕਿਆ ਹੋਇਆ ਮਿਲਣ ਲੱਗਾ ਹੈ। ਆਂਡੇ ਜੋ ਕੱਚਾ 8 ਰੁਪਏ ਤੇ ਉਬਲਿਆ 10 ਰੁਪਏ ਵਿੱਚ ਮਿਲਦਾ ਸੀ ਹੁਣ ਲੋਕ 3 ਰੁਪਏ ਵਿੱਚ ਵੀ ਖਾਣ ਲਈ ਤਿਆਰ ਨਹੀਂ ਹਨ।