ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਅਪਰੈਲ
ਵਿਦਿਆਰਥੀਆਂ ਨੂੰ ਆਪਣੇ ਸਾਹਿਤਕ ਪੁਰਖਿਆਂ ਅਤੇ ਸ਼ਬਦ ਸਭਿਆਚਾਰ ਦੀ ਅਮੀਰ ਪਰੰਪਰਾ ਨਾਲ ਜੋੜਨ ਲਈ ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵਲੋਂ ਹਰ ਸਾਲ ‘ਭਾਈ ਵੀਰ ਸਿੰਘ ਯਾਦਗਾਰੀ ਲੇਖ ਮੁਕਾਬਲਾ’ ਕਰਵਾਇਆ ਜਾਂਦਾ ਹੈ। ਇਸ ਵਰ੍ਹੇ ਇਸ ਮੁਕਾਬਲੇ ’ਚ ਸਵੇਰ ਵੇਲੇ ਹੋਏ ਸਕੂਲ ਪੱਧਰੀ ‘ਭਾਈ ਵੀਰ ਸਿੰਘ ਲੇਖ-ਮੁਕਾਬਲੇ 2024’ ’ਚ 22 ਸਕੂਲਾਂ ਦੇ 49 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਬਾਅਦ ਦੁਪਹਿਰ ਦੇ ਕਾਲਜ ਪੱਧਰੀ ਮੁਕਾਬਲੇ ’ਚ ਵੱਖ-ਵੱਖ ਕਾਲਜਾਂ ਦੇ 12 ਵਿਦਿਆਰਥੀਆਂ ਨੇ ਹਿੱਸਾ ਲਿਆ। ਭਾਈ ਵੀਰ ਸਿੰਘ ਦੀਆਂ ਰਚਨਾਵਾਂ, ਉਹਨਾਂ ਰਾਹੀਂ ਆਰੰਭੇ ਸੰਸਥਾਗਤ ਉਦਮ, ਸਦਨ ਦੀਆਂ ਗਤੀਵਿਧੀਆਂ, ਉਸ ਸਮੇਂ ਚੱਲੀਆਂ ਵੱਖ-ਵੱਖ ਲਹਿਰਾਂ ਇਹਨਾਂ ਮੁਕਾਬਲਿਆਂ ਦੇ ਪ੍ਰਮੁੱਖ ਵਿਸ਼ੇ ਸਨ। ਸਕੂਲ ਪੱਧਰੀ ਮੁਕਾਬਲੇ ’ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 7000, 5000 ਅਤੇ 3000 ਰੁਪਏ ਅਤੇ ਸਨਮਾਨ ਪੱਤਰ ਦਿੱਤਾ ਜਾਏਗਾ, ਨਾਲ ਹੀ ਪਹਿਲੇ ਸਥਾਨ ਤੇ ਜੇਤੂ ਰਹੇ ਸਕੂਲ ਨੂੰ ‘ਭਾਈ ਵੀਰ ਸਿੰਘ ਚਲੰਤ ਟ੍ਰਾਫ਼ੀ’ ਪ੍ਰਦਾਨ ਕੀਤੀ ਜਾਂਦੀ ਹੈ। ਕਾਲਜ ਪੱਧਰੀ ਮੁਕਾਬਲੇ ’ਚ ਪਹਿਲੇ, ਦੂਜੇ, ਤੀਜੇ ਸਥਾਨ ਤੇ ਰਹੇ ਵਿਦਿਆਰਥੀਆਂ ਨੂੰ ਕ੍ਰਮਵਾਰ 11000, 9000 ਅਤੇ 7000 ਸਨਮਾਨ ਰਾਸ਼ੀ ਅਤੇ ਸਨਮਾਨ ਪੱਤਰ ਦਿੱਤੇ ਜਾਣਗੇ। ਇਹ ਸਨਮਾਨ ਸਦਨ ਵੱਲੋਂ 10 ਜੂਨ ਨੂੰ ਭਾਈ ਵੀਰ ਸਿੰਘ ਦੇ ਸਚਖੰਡ ਪਿਆਨਾ ਦਿਵਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਜਾਣਗੇ। ਦੱਸਣਯੋਗ ਹੈ ਕਿ ਵਿਦਿਆਰਥੀਆਂ ਨੇ ਪੂਰਨ ਤਿਆਰੀ ਅਤੇ ਉਤਸ਼ਾਹ ਸਹਿਤ ਇਨ੍ਹਾਂ ਮੁਕਾਬਲਿਆਂ ’ਚ ਆਪਣੀ ਹਾਜ਼ਰੀ ਲਵਾਈ ਅਤੇ ਵਿਦਿਆਰਥੀਆਂ ਦੀ ਤਿਆਰੀ ’ਚ ਉਨ੍ਹਾਂ ਦੇ ਅਧਿਆਪਕਾਂ ਦਾ ਵੀ ਪੂਰਾ ਸਹਿਯਗ ਰਿਹਾ।