ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਅਪਰੈਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਭਾਈ ਰਣਜੀਤ ਸਿੰਘ ਦੇ ਧੜੇ ਪੰਥਕ ਅਕਾਲੀ ਲਹਿਰ ਤੇ ਸਰਨਾ ਭਰਾਵਾਂ ਦੇ ਧੜੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਮਿਲ ਕੇ ਲੜੀਆਂ ਜਾਣਗੀਆਂ। ਦੋਵਾਂ ਦਲਾਂ ਵੱਲੋਂ ਕ੍ਰਮਵਾਰ 8 ਤੇ 36 ਹਲਕਿਆਂ ਵਿੱਚ ਉਮੀਦਵਾਰ ਉਤਾਰੇ ਜਾਣਗੇ। ਗ੍ਰੇਟਰ ਕੈਲਾਸ਼ ਤੇ ਕਾਲਕਾ ਜੀ 2 ਹਲਕਿਆਂ ਵਿੱਚ ਇਨ੍ਹਾਂ ਦੋਵਾਂ ਦਲਾਂ ਵੱਲੋਂ ਕੋਈ ਉਮੀਦਵਾਰ ਨਹੀਂ ਉਤਾਰੇ ਜਾਣਗੇ ਤੇ ਇਸ ਪਿੱਛੇ ਆਪਸੀ ਕਸਮਕਸ਼ ਹੈ।
ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਉੱਪਰ ਅਸਰ ਪਵੇਗਾ, ਉੱਥੇ ਅੰਦੋਲਨ ਦਾ ਪੰਜਾਬ ਵਿੱਚ ਵੀ ਵੱਡਾ ਅਸਰ ਪਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਕਾਰਨ ਹੀ ਕਿਸਾਨ ਮੋਰਚਿਆਂ ਉੱਪਰ ਬੈਠੇ ਹਨ ਕਿਉਂਕਿ ਹਰਸਮਿਰਤ ਕੌਰ ਬਾਦਲ ਨੇ ਕਾਨੂੰਨਾਂ ਉੱਪਰ ਦਸਤਖ਼ਤ ਕੀਤੇ ਸਨ। ਉਨ੍ਹਾਂ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਦੇ ਦੋ ਸਾਲਾਂ ਦਾ ਹਿਸਾਬ ਹੀ ਨਹੀਂ ਸਗੋਂ ਮਨਜੀਤ ਸਿੰਘ ਜੀਕੇ ਦੇ 6 ਸਾਲ ਤੇ ਬਾਦਲਾਂ ਦੇ 50 ਸਾਲਾਂ ਦਾ ਹਿਸਾਬ ਵੀ ਮੰਗਿਆ ਜਾਵੇ। ਉਨ੍ਹਾਂ ਆਪਣੀ ਭੂਮਿਕਾ ਇੱਕ ਚੌਕੀਦਾਰ ਵਜੋਂ ਤੈਅ ਕੀਤੀ ਹੈ। ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਨਾਲ ਮਿਲ ਕੇ ਇਨ੍ਹਾਂ ਚੋਣਾਂ ਦੌਰਾਨ ਜਿੱਤ ਪਾਈ ਜਾਵੇਗੀ। ਇਸ ਵਾਰ ਉਹ ਖ਼ੁਦ ਚੋਣ ਨਹੀਂ ਲੜ ਰਹੇ।
ਸਰਨਾ ਧੜੇ ਵੱਲੋਂ ਸੁਖਬੀਰ ਸਿੰਘ ਕਾਲੜਾ, ਕਰਤਾਰ ਸਿੰਘ ਚਾਵਲਾ, ਗੁਰਮੀਤ ਸਿੰਘ ਸ਼ੰਟੀ, ਜਤਿੰਦਰ ਸਿੰਘ ਸਾਹਨੀ, ਹਰਿੰਦਰਪਾਲ ਸਿੰਘ ਵਰਗੇ ਮੌਜੂਦਾ ਕਮੇਟੀ ਮੈਂਬਰਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ ਪਰ ਕਿਸੇ ਵੀ ਇਸਤਰੀ ਨੂੰ ਟਿਕਟ ਨਹੀਂ ਦਿੱਤੀ।