ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜੁਲਾਈ
ਕਿੰਨਰਾਂ ਵਿੱਚ ਰੰਜ਼ਿਸ਼ ਕਾਰਨ ਇੱਕ ਧਿਰ ਨੇ ਬਦਲਾ ਲੈਣ ਲਈ ਦੋ ਕਿੰਨਰਾਂ ਦੇ ਕਥਿਤ ਕਤਲ ਲਈ ਪੰਜ ਲੱਖ ਰੁਪਏ ਦੀ ਸੁਪਾਰੀ ਦਿੱਤੀ। ਹਾਲਾਂਕਿ ਦਿੱਲੀ ਪੁਲੀਸ ਦੇ ਇੱਕ ਸਿਪਾਹੀ ਕਾਰਨ ਕਤਲ ਦੀ ਘਟਨਾ ਵਾਪਰਨ ਤੋਂ ਬਚਾਅ ਰਹਿ ਗਿਆ। ਦੱਖਣੀ ਦਿੱਲੀ ਦੇ ਮਦਨਗੀਰ ਵਿੱਚ ਦਿੱਲੀ ਪੁਲੀਸ ਨੇ ਮੁਕੇਸ਼ (24 ਸਾਲ) ਤੇ ਕਪਿਲ (21 ਸਾਲ) ਨੂੰ ਅੰਬੇਦਕਰ ਨਗਰ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਖੁਲਾਸਾ ਕੀਤਾ ਕਿ ਦੋਵਾਂ ਨੂੰ ਇੱਕ ਕਿੰਨਰ ਪਿੰਕੀ ਨੇ ਪੰਜ ਲੱਖ ਰੁਪਏ ਦੀ ਸੁਪਾਰੀ ਦੇ ਕੇ ਸ਼ਾਲੂ ਤੇ ਆਲੀਆ ਦੇ ਕਤਲ ਦਾ ਕਥਿਤ ਕੰਮ ਸੌਂਪਿਆ ਸੀ। ਛੱਤਰਪੁਰ ਰੋਡ ’ਤੇ ਭਟੀਆ ਕਲਾਂ ਨੇੜੇ ਬਾਈਕ ਸਵਾਰਾਂ ਨੇ ਸ਼ਾਲੂ ਤੇ ਆਲੀਆ ’ਤੇ ਗੋਲੀਆਂ ਚਲਾ ਦਿੱਤੀਆਂ। ਆਵਾਜ਼ ਸੁਣ ਕੇ ਪੁਲੀਸ ਮੁਲਾਜ਼ਮ ਜਦੋਂ ਉਧਰ ਗਿਆ ਤਾਂ ਮੁਲਜ਼ਮ ਭੱਜ ਗਏ। ਉਨ੍ਹਾਂ ਸਿਪਾਹੀ ਵੱਲ ਵੀ ਹਥਿਆਰ ਤਾਣਿਆ। ਸਿਪਾਹੀ ਨੇ ਹਮਲਾਵਰਾਂ ਦੀ ਬਾਈਕ ਸੜਕ ’ਤੇ ਸੁੱਟ ਲਈ ਤਾਂ ਉਹ ਇੱਕ ਆਟੋ ਤੋਂ ਛਾਲ ਮਾਰ ਕੇ ਫ਼ਰਾਰ ਹੋ ਗਏ। ਸਿਪਾਹੀ ਕਮਲ ਪ੍ਰਕਾਸ਼ ਨੇ ਇਲਾਕੇ ਦੀ ਪੁਲੀਸ ਨੂੰ ਚੌਕਸ ਕੀਤਾ ਤੇ ਗ੍ਰਿਫ਼ਤਾਰੀ ਸੰਭਵ ਹੋ ਸਕੀ। ਗ੍ਰਿਫ਼ਤਾਰ ਵਿਅਕਤੀਆਂ ਕੋਲੋਂ ਦੇਸੀ ਪਿਸਤੌਲ, ਪੰਜ ਜ਼ਿੰਦਾ ਕਾਰਤੂਸ ਤੇ ਮੋਟਰਸਾਈਕਲ ਬਰਾਮਦ ਹੋਇਆ ਹੈ।