ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜਨਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਮੇਨ ਸਿੰਘ ਨੋਨੀ ਨੇ ਕਿਹਾ ਹੈ ਕਿ ਹਰਗੋਬਿੰਦ ਐਨਕਲੇਵ ਵਿਚ ਚੱਲ ਰਹੇ ਕੰਪਿਊਟਰ ਸੈਂਟਰ ਦਾ ਹਿਸਾਬ ਹਰਮੀਤ ਸਿੰਘ ਕਾਲਕਾ ਪਿਛਲੇ ਇੱਕ ਸਾਲ ਤੋਂ ਵੇਖ ਰਹੇ ਸਨ, ਜਦੋਂ ਸ਼ੂਟਿੰਗ ਰੇਂਜ ਵਿੱਚ ਆ ਕੇ ਉਨ੍ਹਾਂ ਉਸ ਦੀ ਸ਼ਲਾਘਾ ਵੀ ਕੀਤੀ ਤੇ ਉਸ ਦੇ ਉਦਘਾਟਨ ਲਈ ਵੱਡਾ ਸਮਾਗਮ ਕਰਨ ਦੀ ਗੱਲ ਆਖੀ ਸੀ।
ਇਥੇ ਦਿੱਲੀ ਗੁਰਦੁਆਰਾ ਕਮੇਟੀ ਦੇ ਡੇਢ ਦਰਜਨ ਦੇ ਕਰੀਬ ਮੈਂਬਰਾਂ ਦੇ ਨਾਲ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਸਮੇਨ ਸਿੰਘ ਨੋਨੀ ਨੇ ਕਿਹਾ ਕਿ ਪੰਜਾਬੀ ਬਾਗ ਵਿੱਚ ਜਿਹੜੀ ਕੰਪਨੀ ਕੰਪਿਊਟਰ ਸੈਂਟਰ ਚਲਾ ਰਹੀ ਹੈ, ਉਹੀ ਕੰਪਨੀ ਹਰਿਗੋਬਿੰਦ ਐਨਕਲੇਵ ਵਿੱਚ ਸੈਂਟਰ ਚਲਾ ਰਹੀ ਹੈ ਤੇ ਇਸ ਸੈਂਟਰ ਨੂੰ ਖੋਲ੍ਹਣ ਦਾ ਫ਼ੈਸਲਾ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ ਤੇ ਸਰਦਾਰ ਕੁਲਵੰਤ ਸਿੰਘ ਬਾਠ ਦੀ ਸ਼ਮੂਲੀਅਤ ਵਾਲੀ ਮੀਟਿੰਗ ਵਿੱਚ ਹੀ ਲਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਬਾਠ ਤੇ ਸਾਥੀਆਂ ਵੱਲੋਂ ਬੀਤੇ ਦਿਨੀਂ ਕੰਪਿਊਟਰ ਸੈਂਟਰ ਬਾਰੇ ਕੀਤੀ ਬਿਆਨਬਾਜ਼ੀ ਗ਼ਲਤ ਹੈ। ਨੋਨੀ ਨੇ ਦੱਸਿਆ ਕਿ ਪੰਜਾਬੀ ਬਾਗ ਸੈਂਟਰ ਵਿਚ ਹਰਮੀਤ ਸਿੰਘ ਕਾਲਕਾ ਅਕਸਰ ਆਉਂਦੇ ਜਾਂਦੇ ਹਨ ਜਦੋਂ ਕਿ ਹਰਿਗੋਬਿੰਦ ਐਨਕਲੇਵ ਦੇ ਸੈਂਟਰ ਦਾ ਹਿਸਾਬ ਪਿਛਲੇ ਇਕ ਸਾਲ ਤੋਂ ਹਰ ਮਹੀਨੇ ਵੇਖਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹਰਮੀਤ ਸਿੰਘ ਕਾਲਕਾ ਕੋਲ ਹੀ ਕੰਪਨੀ ਨਾਲ ਹੋਇਆ ਐਗਰੀਮੈਂਟ ਵੀ ਪਿਆ ਹੈ। ਉਨ੍ਹਾਂ ਨੇ ਕਾਲਕਾ ਨੂੰ ਚੁਣੌਤੀ ਦਿੱਤੀ ਕਿ ਉਹ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰਵਾ ਕੇ ਵਿਖਾਉਣ, ਜਿਸ ਨਾਲ ਮਾਮਲੇ ਦਾ ਸਾਰਾ ਸੱਚ ਸਾਹਮਣੇ ਆ ਜਾਵੇਗਾ।