ਨਵੀਂ ਦਿੱਲੀ (ਪੱਤਰ ਪ੍ਰੇਰਕ): ਨਵੀਂ ਦਿੱਲੀ ਦੇ ਵੱਕਾਰੀ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਬਾਂਸੁਰੀ ਸਵਰਾਜ ਨੇ ਅੱਜ ਕੇਂਦਰੀ ਮੰਤਰੀ ਸਰਦਾਰ ਹਰਦੀਪ ਪੁਰੀ, ਦਿੱਲੀ ਪ੍ਰਦੇਸ਼ ਭਾਜਪਾ ਦੇ ਚੋਣ ਇੰਚਾਰਜ ਓ.ਪੀ. ਧਨਖੜ, ਸਹਿ ਇੰਚਾਰਜ ਡਾ. ਅਲਕਾ ਗੁਜਰ, ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਤੇ ਯੂਪੀ ਦੇ ਨੇਤਾ ਸ੍ਰੀ ਸਤੀਸ਼ ਮਹਾਨਾ ਦੀ ਮੌਜੂਦਗੀ ਵਿੱਚ ਜਾਮਨਗਰ ਹਾਊਸ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਸ੍ਰੀਮਤੀ ਬਾਂਸੁਰੀ ਸਵਰਾਜ ਦੇ ਪਿਤਾ ਸਾਬਕਾ ਰਾਜਪਾਲ ਸਵਰਾਜ ਕੌਸ਼ਲ ਵੀ ਉਨ੍ਹਾਂ ਦੇ ਨਾਲ ਸਨ। ਅੱਜ ਸਵੇਰੇ ਸਵਰਾਜ ਨੇ ਰੋਡ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਹਵਨ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਪੂਜਾ ਅਰਚਨਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਂਸੁਰੀ ਸਵਰਾਜ ਨੇ ਕਿਹਾ, ‘ਅਸੀਂ ਭਾਰਤ ਨੂੰ ਇਲੈਕਟ੍ਰਾਨਿਕਸ, ਇਨੋਵੇਸ਼ਨ, ਮੈਨੂਫੈਕਚਰਿੰਗ, ਸਟਾਰਟਅੱਪਸ, ਸੂਚਨਾ ਤਕਨਾਲੋਜੀ, ਡਾਟਾ ਸਾਇੰਸ, ਰੱਖਿਆ ਖੇਤਰ, ਸੈਮੀਕੰਡਕਟਰ ਆਦਿ ਦੇ ਖੇਤਰਾਂ ਵਿੱਚ ਇੱਕ ਗਲੋਬਲ ਲੀਡਰ ਬਣਾਉਣ ਦਾ ਸੰਕਲਪ ਲਿਆ ਹੈ’ ਉਹ ਭਾਜਪਾ ਵਰਕਰਾਂ ਵੱਲੋਂ ਮਿਲ ਰਹੇ ਭਾਰੀ ਸਮਰਥਨ ਤੋਂ ਉਹ ਬਹੁਤ ਖੁਸ਼ ਹੈ। ਉਹ ਵਿਕਸਤ ਭਾਰਤ ਦੇ ਸੰਕਲਪ ਲਈ ਵਚਨਬੱਧ ਹੈ।’’ ਉਸਨੇ ਅੱਗੇ ਕਿਹਾ ਕਿ ਉਹ ਦਿੱਲੀ ਵਿੱਚ ਆਯੂਸ਼ਮਾਨ ਭਾਰਤ ਨੂੰ ਲਾਗੂ ਕਰਨ ਲਈ ਵਚਨਬੱਧ ਹੈ।