ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਦਸੰਬਰ
ਦਿੱਲੀ ਦੇ ਟਰਾਂਸਪੋਰਟ ਵਿਭਾਗ ਨੇ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਐੱਸ.ਈ.ਐੱਕਸ ਸੀਰੀਜ਼ ’ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਇਸ ਸੀਰੀਜ਼ ਦੇ ਨੰਬਰ ਜਾਰੀ ਨਹੀਂ ਕੀਤੇ ਜਾਣਗੇ। ਵਿਭਾਗ ਨੇ ਹੁਣ ਤੱਕ ਇਸ ਲੜੀ ਦੇ ਨੰਬਰ ਜਾਰੀ ਕਰਨ ਵਾਲੇ ਵਾਹਨ ਮਾਲਕਾਂ ਨੂੰ ਆਪਣੇ ਵਾਹਨਾਂ ਦਾ ਨੰਬਰ ਬਦਲਣ ਦਾ ਵਿਕਲਪ ਦਿੱਤਾ ਹੈ। ਵਿਭਾਗ ਨੇ ਕਿਹਾ ਹੈ ਕਿ ਨੰਬਰ ਜਾਰੀ ਕਰਨ ਲਈ ਆਟੋ ਜਨਰੇਟਿੰਗ ਸਿਸਟਮ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਦਿੱਲੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ’ਚ ਇਕ ਵਿਦਿਆਰਥੀ ਦੀ ਸ਼ਿਕਾਇਤ ’ਤੇ ਟਰਾਂਸਪੋਰਟ ਵਿਭਾਗ ਨੂੰ ਨੋਟਿਸ ਭੇਜਿਆ ਹੈ। ਦਿੱਲੀ ਦੀ ਇਕ ਵਿਦਿਆਰਥਣ ਨੇ ਹਾਲ ਹੀ ’ਚ ਇਕ ਸਕੂਟੀ ਖ਼ਰੀਦੀ ਜਿਸ ਤੋਂ ਬਾਅਦ ਉਸ ਨੂੰ ਉਸ ਸਕੂਟੀ ਦਾ ਨੰਬਰ ਦੇਖ ਕੇ ਕਾਫੀ ਸ਼ਰਮ ਆਉਣ ਲੱਗੀ। ਉਹ ਨਵੀਂ ਸਕੂਟੀ ਲੈ ਕੇ ਕਿਤੇ ਵੀ ਬਾਹਰ ਜਾਣ ਤੋਂ ਪਰਹੇਜ਼ ਕਰਨ ਲੱਗੀ। ਜਦੋਂ ਆਰਟੀਓ ਤੋਂ ਸਕੂਟੀ ਦਾ ਨੰਬਰ ਆਇਆ ਤਾਂ ਹਰ ਕੋਈ ਇਸ ਨੰਬਰ ਦੀ ਸੀਰੀਜ਼ ਨੂੰ ਲੈ ਕੇ ਬੇਚੈਨ ਹੋ ਗਿਆ। ਸੰਖਿਆਵਾਂ ਦੀ ਇਸ ਲੜੀ ਵਿੱਚਐੱਸ.ਈ.ਐੱਕਸ ਸੀ। ਇਸ ਮਾਮਲੇ ਸਬੰਧੀ ਜਦੋਂ ਸ਼ਿਕਾਇਤ ਦਿੱਲੀ ਮਹਿਲਾ ਕਮਿਸ਼ਨ ਕੋਲ ਪਹੁੰਚੀ ਤਾਂ ਮਹਿਲਾ ਕਮਿਸ਼ਨ ਨੇ ਇਸ ਸਬੰਧੀ ਆਰਟੀਓ ਤੋਂ ਸਪੱਸ਼ਟੀਕਰਨ ਮੰਗਿਆ। ਇਸ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਸਰਕਾਰ ਵੀ ਚੌਕਸ ਹੋ ਗਈ। ਸਰਕਾਰ ਨੇ ਪਹਿਲ ਕਰਦਿਆਂ ਇਸ ਪੂਰੀ ਲੜੀ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਇਸ ਸੀਰੀਜ਼ ਦੇ ਸਾਰੇ ਡਰਾਈਵਰਾਂ ਨੂੰ ਨੰਬਰ ਬਦਲਣ ਦਾ ਵਿਕਲਪ ਵੀ ਦਿੱਤਾ ਹੈ।