ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਪਰੈਲ
ਰਾਜੌਰੀ ਗਾਰਡਨ ਤੋਂ ‘ਜਾਗੋ’ ਦੇ ਉਮੀਦਵਾਰ ਬਲਦੀਪ ਸਿੰਘ ਰਾਜਾ ਵੱਲੋਂ ਇਲਾਕੇ ਦੀ ਸਹੂਲਤ ਲਈ ਬਾਬਾ ਬੁੱਢਾ ਜੀ ਗੁਰਦੁਆਰੇ ਵਿਖੇ ਗਰਮੀ ਦੇ ਮੌਸਮ ਵਿੱਚ ਠੰਢਾ ਪਾਣੀ ਮੁਹੱਈਆ ਕਰਵਾਉਣ ਖ਼ਾਤਰ ਪਾਣੀ ਦਾ ਵੱਡਾ ਰੀਫਰਿਜਰੇਟਰ ਲਗਵਾਇਆ ਗਿਆ। ਸੁਭਾਸ਼ ਨਗਰ ਦੇ ਇਸ ਸਥਾਨ ਉਪਰ ਇਹ ਸੇਵਾ ਕਰਨ ਮਗਰੋਂ ਬਲਦੀਪ ਸਿੰਘ ਰਾਜਾ ਨੇ ਕਿਹਾ ਕਿ ਸੰਗਤ ਵੱਲੋਂ ਮਿਲੇ ਸਹਿਯੋਗ ਸਦਕਾ ਉਹ ਸਥਾਨਕ ਸਮਾਜ ਲਈ ਕੰਮ ਕਰ ਸਕੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸੰਗਤ ਵੱਲੋਂ ਆਖਣ ਕਰਕੇ ਉਨ੍ਹਾਂ ਚੋਣ ਲੜਨ ਦਾ ਫ਼ੈਸਲਾ ਸਰਬਸੰਮਤੀ ਨਾਲ ਕੀਤਾ ਸੀ।
ਉਨ੍ਹਾਂ ਇਲਾਕੇ ਦੇ ਲੋਕਾਂ ਨਾਲ ਸੰਪਰਕ ਮੁਹਿੰਮ ਦੌਰਾਨ ਕਿਹਾ ਅੱਗੋਂ ਵੀ ਉਹ ਇਲਾਕਾ ਵਾਸੀਆਂ ਦੀ ਮਦਦ ਕਰਦੇ ਰਹਿਣਗੇ। ਅੱਜ ਉਮੀਦਵਾਰ ਲਈ ਚੋਣ ਪ੍ਰਚਾਰ ਕਰਨ ਲਈ ਬੀਬੀਆਂ ਦੇ ਜਥੇ ਵੀ ਵੱਖ-ਵੱਖ ਇਲਾਕਿਆਂ ਵਿੱਚ ਗਏ ਤੇ ਭਰਵਾਂ ਹੁੰਗਾਰਾ ਮਿਲਣ ਦਾ ਦਾਅਵਾ ਕੀਤਾ ਗਿਆ। ਸ੍ਰੀ ਬਲਦੀਪ ਸਿੰਘ ਨੂੰ ਮੌਜੂਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਰਮਨਜੀਤ ਸਿੰਘ ਦੇ ਸਾਥੀਆਂ ਦੀ ਟੀਮ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ। ਹਰਮਨਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਬਹੁਤ ਕਰੀਬੀ ਹਨ ਤੇ ਇਸ ਨਵੇਂ ਦਲ ਦੀ ਦਿੱਲੀ ਇਕਾਈ ਨੂੰ ਖੜ੍ਹਾ ਕਰਨ ਦੀ ਜ਼ਿੰਮੇਵਾਰੀ ਵੀ ਸਾਂਭ ਰਹੇ ਹਨ। ਉਨ੍ਹਾਂ ਦਾ ਦਿੱਲੀ ਦੇ ਸਨਅਤੀ ਸਿੱਖ ਹਲਕਿਆਂ ਵਿੱਚ ਵੀ ਖਾਸਾ ਅਸਰ ਹੈ। ਖ਼ਾਸ ਕਰਕੇ ਸ਼ਹਿਰੀ ਸਿੱਖਾਂ ਵਿੱਚ ਉਨ੍ਹਾਂ ਦਾ ਅਸਰ ਚੋਣਾਂ ਦੌਰਾਨ ਸਮੀਕਰਨ ਘੜਨ ਵਿੱਚ ਮਦਦਗਾਰ ਸਾਬਤ ਹੁੰਦਾ ਆਇਆ ਹੈ।