ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹਿਮ ਪ੍ਰਾਜੈਕਟ ਬਾਲਾ ਸਾਹਿਬ ਹਸਪਤਾਲ ਦਾ ਮੁੱਦਾ ਇਸ ਵਾਰ ਫਿਰ ਚੋਣਾਂ ਦੌਰਾਨ ਭਖਣ ਲੱਗਿਆ ਹੈ। 2013 ਤੇ ਪਿਛਲੀਆਂ 2017 ਦੀਆਂ ਕਮੇਟੀ ਦੀਆਂ ਆਮ ਚੋਣਾਂ ਦੌਰਾਨ ਇਸੇ ਗੁਰੂ ਹਰਿਕ੍ਰਿਸ਼ਨ ਹਸਪਤਾਲ (ਬਾਲਾ ਸਾਹਿਬ) ਨੂੰ ਬਣਾਉਣ ਤੇ ਸ਼ੁਰੂ ਕਰਨ ਦੇ ਵਾਅਦੇ ਨਾਲ ਮਨਜੀਤ ਸਿੰਘ ਜੀਕੇ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ। ਹੁਣ ਕਮੇਟੀ ਵੱਲੋਂ ਇਸ ਹਸਪਤਾਲ ਨੂੰ ਕੋਵਿਡ ਹਸਪਤਾਲ ਵਜੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਵਿਰੋਧੀ ਧਿਰਾਂ ਨੂੰ ਇਹ ਕਦਮ ਹਜ਼ਮ ਨਹੀਂ ਹੋ ਰਿਹਾ ਤੇ ਉਨ੍ਹਾਂ ਵੱਲੋਂ ਵਿਰੋਧ ਸ਼ੁਰੂ ਹੋ ਗਿਆ ਹੈ। ਫਿਲਹਾਲ ਇਸ ਹਸਪਤਾਲ ਵਿੱਚ ਦੇਸ਼ ਦਾ ਸਭ ਤੋਂ ਸਸਤਾ ਡਾਇਲੈਸਿਸ ਕੇਂਦਰ ਚਲਾਇਆ ਜਾ ਰਿਹਾ ਹੈ। ਇੱਥੇ 50 ਰੁਪਏ ਵਿੱਚ ‘ਐਮਆਰਆਈ’ ਵੀ ਕੀਤੀ ਜਾਂਦੀ ਹੈ। ਕਿਉਂਕਿ ਹਸਪਤਾਲ ਸ਼ੁਰੂ ਹੋਣ ਨਾਲ ਜਾਹਿਰ ਹੈ ਕਿ ਸੱਤਾਧਾਰੀ ਧਿਰ ਨੂੰ ਲਾਹਾ ਮਿਲ ਸਕਦਾ ਹੈ ਇਸ ਲਈ ਹੁਣ ਵਿਰੋਧੀ ਧਿਰ ਵੱਲੋਂ ਅਦਾਲਤ ਦਾ ਰੁਖ਼ ਕਰਦੇ ਹੋਏ ਹਸਪਤਾਲ ਦੇ ਉਦਘਾਟਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਹਸਪਤਾਲ ਦੀ ਸ਼ੁਰੂਆਤ ਸਮੇਂ ਸਿਰ ਨਹੀਂ ਹੋ ਸਕੀ ਸੀ ਕਿਉਂਕਿ ਤਤਕਾਲੀ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਆਗੂਆਂ ਵੱਲੋਂ ਇਸ ਹਸਪਤਾਲ ਨੂੰ ਚਲਾਉਣ ਲਈ ਇੱਕ ਨਿਜੀ ਅਦਾਰੇ ਨਾਲ ਕਰਾਰ ਕੀਤਾ ਗਿਆ ਸੀ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਕੁਲਦੀਪ ਸਿੰਘ ਭੋਗਲ ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਤੇ ਆਖ਼ਰਕਾਰ ਕਈ ਸਾਲਾਂ ਦੀ ਕਾਨੂੰਨੀ ਲੜਾਈ ਕਾਰਨ ਇਹ ਹਸਪਤਾਲ ਪੂਰਨ ਰੂਪ ਵਿੱਚ ਮੁੜ ਦਿੱਲੀ ਕਮੇਟੀ ਵੱਲੋਂ ਚਲਾਏ ਜਾਣ ਦਾ ਰਾਹ ਸਾਫ਼ ਹੋਇਆ ਸੀ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਹਾਈ ਕੋਰਟ ਵਿੱਚ ਸਾਹਿਬਜੀਤ ਸਿੰਘ ਵੱਲੋਂ ਅਰਜ਼ੀ ਦਾਖ਼ਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਵਕੀਲ ਹਰੀਸ਼ ਮਲਹੋਤਰਾ ਪੇਸ਼ ਹੋਏ ਤੇ ਅਦਾਲਤ ਨੇ ਪੁੱਛਿਆ ਕਿ ਕੀ ਹਸਪਤਾਲ ਸ਼ੁਰੂ ਕਰਨ ਤੋਂ ਰੋਕਿਆ ਜਾ ਸਕਦਾ ਹੈ ਤਾਂ ਵਕੀਲ ਨੇ ਆਪਣੇ ਮੁਵੱਕਲ ਤੋਂ ਪੁੱਛ ਕੇ ਦੱਸਣ ਬਾਰੇ ਦੱਸਿਆ। ਸ੍ਰੀ ਸਿਰਸਾ ਨੇ ਦੱਸਿਆ ਕਿ ਇਸ ਮਗਰੋਂ ਹਾਈ ਕੋਰਟ ਨੇ 11 ਅਗਸਤ ਨੂੰ ਅਗਲੀ ਤਾਰੀਖ਼ ਦਿੱਤੀ ਹੈ।
ਕਮੇਟੀ ਵੱਲੋਂ ਦਿੱਤੀਆਂ ਸਹੂਲਤਾਂ ’ਤੇ ਰੋਕ ਲਾਉਣ ਦੀ ਮੰਗ: ਸਿਰਸਾ
ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਟੀਸ਼ਨ ਵਿੱਚ ਮਨਮੀਤ ਸਿੰਘ ਤੇ ਉਸ ਦੀ ਪਤਨੀ ਨੂੰ ਦਿੱਤੀ ਗਈ ਨੌਕਰੀ ਉਪਰ ਰੋਕ ਲਾਉਣ ਦੀ ਮੰਗ ਵੀ ਕੀਤੀ ਗਈ ਹੈ ਜਿਸ ਨੂੰ ਦਿੱਲੀ ਕਮੇਟੀ ਨੇ ਕਸ਼ਮੀਰ ਤੋਂ ਲਿਆ ਕੇ ਇੱਥੇ ਵਸਾਇਆ ਹੈ। ਰਾਗੀਆਂ ਦੇ ਬੱਚਿਆਂ ਨੂੰ ਸਹੂਲਤਾਂ ਦੇਣ ਦੇ ਫ਼ੈਸਲੇ ਉਪਰ ਵੀ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ ਤੇ ਕੋਵਿਡ ਕਾਰਨ ਮਾਰੇ ਸਿੱਖਾਂ ਦੇ ਪਰਿਵਾਰਾਂ ਲਈ ਕੀਤੇ ਐਲਾਨ ਬਾਰੇ ਵੀ ਮੁੱਦਾ ਪਟੀਸ਼ਨ ਵਿੱਚ ਉਠਾਇਆ ਗਿਆ ਹੈ।
ਹਸਪਤਾਲ ਨੂੰ ਸ਼ੁਰੂ ਕਰਾਉਣ ਲਈ ਸੁਖਮਨੀ ਸਾਹਿਬ ਦੇ ਪਾਠ ਜਾਰੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਕਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਨੂੰ ਵੇਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੇ ਜਾ ਰਹੇ 125 ਬੈੱਡਾਂ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਹਸਪਤਾਲ ਨੂੰ 13 ਅਗਸਤ ਨੁੰ ਬਾਬਾ ਬਚਨ ਸਿੰਘ ਕਾਰ ਸੇਵਾ ਵਾਲੇ ਸੰਗਤਾਂ ਨੁੰ ਸਮਰਪਿਤ ਕਰਨਗੇ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਹਸਪਤਾਲ ਸੰਗਤਾਂ ਨੂੰ ਸਮਰਪਿਤ ਕਰਨ ਲਈ ਹਸਪਤਾਲ ਵਿਚ ਇਸ ਵੇਲੇ ਸੁਖਮਨੀ ਸਾਹਿਬ ਦੇ ਪਾਠ ਚਲ ਰਹੇ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਸੰਗਤਾਂ ਨੂੰ ਸਮਰਪਿਤ ਕਰਨ ਲਈ 13 ਅਗਸਤ ਨੂੰ ਸਵੇਰੇ ਅਰਦਾਸ ਸਮਾਗਮ ਰੱਖਿਆ ਗਿਆ ਹੈ ਜਿਸ ਵਿਚ ਅਰਦਾਸ ਉਪਰੰਤ ਇਹ ਹਸਪਤਾਲ ਬਾਬਾ ਬਚਨ ਸਿੰਘ ਸੰਗਤਾਂ ਨੂੰ ਸਮਰਪਿਤ ਕਰਨਗੇ। ਹਸਪਤਾਲ ਰਿਕਾਰਡ 60 ਦਿਨਾਂ ਵਿਚ ਹੀ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਹਸਪਤਾਲ ਲਈ ਫਰਾਂਸ, ਅਮਰੀਕਾ ਤੇ ਆਸਟਰੇਲੀਆ ਸਰਕਾਰਾਂ ਨੇ ਸਹਿਯੋਗ ਕੀਤਾ ਹੈ। ਸ੍ਰੀ ਸਿਰਸਾ ਨੇ ਦੱਸਿਆ ਕਿ ਹਸਪਤਾਲ ਵਿਚ ਵੱਖ ਵੱਖ ਟੈਸਟਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਕਰੋਨਾ ਦੇ ਇਲਾਜ ਦੇ ਇੰਤਜ਼ਾਮ ਕੀਤੇ ਗਏ ਹਨ ਤੇ ਬੱਚਿਆਂ ਲਈ ਵੱਖਰੇ ਵਾਰਡ ਵੀ ਬਣਾਏ ਗਏ ਹਨ। ਦਿੱਲੀ ਦੀਆਂ ਸਿੰਘ ਸਭਾਵਾਂ ਜਿਹੜੇ ਮਰੀਜ਼ ਵਾਸਤੇ ਕਹਿਣਗੀਆਂ, ਉਸ ਨੂੰ ਇਲਾਜ ਵਿਚ 50 ਫ਼ੀਸਦੀ ਛੋਟ ਦਿੱਤੀ ਜਾਵੇਗੀ।