ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਅਗਸਤ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਦਿਵਸ ਗੁਰਪੁਰਬ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਨਿਵੇਕਲਾ ਉਪਰਾਲਾ ਕਰਦਿਆਂ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਬਾਲਾ ਪ੍ਰੀਤਮ ਦਵਾਖਾਨਾ ਦੀ ਸ਼ੁਰੂਆਤ ਕੀਤੀ ਹੈ। ਇਥੇ ਸੰਗਤ ਨੂੰ ਬਾਜ਼ਾਰ ਨਾਲੋਂ ਬੇਹੱਦ ਸਸਤੀਆਂ ਦਰਾਂ ’ਤੇ ਦਵਾਈਆਂ ਮਿਲਣਗੀਆਂ। ਦਵਾਖਾਨੇ ਦਾ ਉਦਘਾਟਨ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸਾਂਝੇ ਤੌਰ ’ਤੇ ਕੀਤਾ। ਉਦਘਾਟਨ ਤੋਂ ਪਹਿਲਾਂ ਸ਼ੁਕਰਾਨੇ ਦੀ ਅਰਦਾਸ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਵੱਲੋਂ ਕੀਤੀ ਗਈ।
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਹੈ ਅਤੇ ਇਹ ਬਹੁਤ ਵੱਡਾ ਗੁਰਪੁਰਬ ਦਾ ਦਿਨ ਹੈ, ਇਸ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਲਾ ਪ੍ਰੀਤਮ ਦਵਾਖਾਨੇ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦਵਾਖਾਨੇ ’ਤੇ ਫਾਰਮੇਸੀਆਂ ਤੋਂ ਸਿੱਧੀਆਂ ਦਵਾਈਆਂ ਆਉਣਗੀਆਂ ਤੇ ਜਿਸ ਰੇਟ ਆਉਣਗੀਆਂ, ਉਸੇ ਰੇਟ ਅੱਗੇ ਸੰਗਤ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਇਕ ਰੁਪਿਆ ਵੀ ਮੁਨਾਫਾ ਨਹੀਂ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸਦੇ ਨਤੀਜੇ ਵੱਜੋਂ ਸੰਗਤ ਨੂੰ ਜੈਨਰਿਕ ਅਤੇ ਬ੍ਰਾਂਡਡ ਦੋਵੇਂ ਤਰ੍ਹਾਂ ਦੀਆਂ ਦਵਾਈਆਂ 20 ਤੋਂ 90 ਫ਼ੀਸਦ ਤੱਕ ਸਸਤੀਆਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਇਸ ਮੁਹਿੰਮ ਨੂੰ ਦਿੱਲੀ ਦੇ ਹੋਰ ਇਲਾਕਿਆਂ ਵਿਚ ਵੀ ਲਿਜਾਵਾਂਗੇ ਤੇ ਸਾਰੀ ਦਿੱਲੀ ਅੰਦਰ ਅਜਿਹੇ ਦਵਾਖਾਨੇ ਖੋਲ੍ਹਣ ਦੇ ਉਪਰਾਲੇ ਕਰਾਂਗੇ।
ਸ੍ਰੀ ਸਿਰਸਾ ਨੇ ਕਿਹਾ ਕਿ ਭਾਵੇਂ ਹਾਲੇ ਸ਼ੁਰੂਆਤੀ ਦੌਰ ਵਿਚ ਆਨਲਾਈਨ ਆਰਡਰ ਦੀ ਸਹੂਲਤ ਨਹੀਂ ਹੈ ਪਰ ਜਲਦੀ ਹੀ ਇਹ ਸਹੂਲਤ ਵੀ ਸ਼ੁਰੂ ਕਰਵਾਈ ਜਾਵੇਗੀ ਤਾਂ ਜੋ ਸੰਗਤ ਨੂੰ ਘਰ ਬੈਠਿਆਂ ਵੀ ਦਵਾਈਆਂ ਮਿਲ ਸਕਣ। ਉਨ੍ਹਾਂ ਦੱਸਿਆ ਕਿ ਇਸ ਦਵਾਖਾਨੇ ਵਿਚ ਦਵਾਈਆਂ ਦੇ ਨਾਲ ਨਾਲ ਸੈਨੇਟਾਈਜ਼ਰ ਤੇ ਮਾਸਕ ਆਦਿ ਵੀ ਉਪਲਬਧ ਹੋਣਗੇ।
ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਜੋ ਸੋਚ ਲੈ ਕੇ ਦਿੱਲੀ ਕਮੇਟੀ ਨੇ ਸੇਵਾ ਸ਼ੁਰੂ ਕੀਤੀ ਹੈ, ਉਸ ਨਾਲ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ।