ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਜੂਨ
ਕੌਮੀ ਰਾਜਧਾਨੀ ’ਚ ਪਿਛਲੇ ਦੋ ਦਿਨਾਂ ਤੋਂ ਦੋ ਹਜ਼ਾਰ ਤੋਂ ਵੱਧ ਕਰੋਨਾ ਮਰੀਜ਼ ਆ ਰਹੇ ਹਨ, ਜਿਸ ਕਾਰਨ ਬਿਸਤਰਿਆਂ ਦੀ ਘਾਟ ਰੜਕ ਰਹੀ ਹੈ। ਦਿੱਲੀ ਵਿੱਚ ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਦਿੱਲੀ ਸਰਕਾਰ ਵੱਲੋਂ ਨਵੀਂਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਨੇ ਅੱਜ ਦਿੱਲੀ ਦੇ ਛਤਰਪੁਰ ਇਲਾਕੇ ਵਿੱਚ ਸਥਿਤ ਰਾਧਾਸੁਆਮੀ ਸਤਿਸੰਗ ਬਿਆਸ ਕੈਂਪਸ ਦਾ ਦੌਰਾ ਕੀਤਾ। ਇੱਥੇ ਕੋਵਿਡ -19 ਦੇ ਮਰੀਜ਼ਾਂ ਲਈ 10 ਹਜ਼ਾਰ ਬਿਸਤਰਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਨਿਰੀਖਣ ਮਗਰੋਂ ਉਪ- ਰਾਜਪਾਲ ਸ੍ਰੀ ਬੈਜਲ ਨੇ ਕਿਹਾ ਕਿ ਮੈਡੀਕਲ ਬੁਨਿਆਦੀ ਢਾਂਚੇ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਉਹ ਇਸ ਇਲਾਕੇ ਦਾ ਮੁਆਇਨਾ ਕਰਨ ਲਈ ਆਏ ਸਨ।
ਕੈਂਪਸ ਨੂੰ ਕੋਵਿਡ-19 ਸਹੂਲਤ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਵਿਸ਼ਲੇਸ਼ਣ ਤੋਂ ਬਾਅਦ ਲਿਆ ਜਾਵੇਗਾ। ਦੱਸਣਯੋਗ ਹੈ ਕਿ ਦਿੱਲੀ ਸਰਕਾਰ ਵੱਲੋਂ ਪਹਿਲਾਂ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਸੂਬਾ ਸਰਕਾਰ ਦੇ ਪ੍ਰਬੰਧ ਵਾਲੇ ਹਸਪਤਾਲਾਂ ਵਿੱਚ ਸਿਰਫ਼ ਦਿੱਲੀ ਵਾਲਿਆਂ ਲਈ ਬਿਸਤਰੇ ਰਾਖਵੇਂ ਕੀਤੇ ਜਾਣਗੇ, ਪਰ ਉਪ ਰਾਜਪਾਲ ਸ੍ਰੀ ਬੈਜਲ ਨੇ ਇਹ ਫ਼ੈਸਲਾ ਉਲਟ ਦਿੱਤਾ ਸੀ।
ਹਿੰਦੂ ਰਾਓ ਹਸਪਤਾਲ ਕਰੋਨਾ ਮਰੀਜ਼ਾਂ ਲਈ ਸਮਰਪਿਤ
ਦਿੱਲੀ ਸਰਕਾਰ ਵੱਲੋਂ ਹਿੰਦੂ ਰਾਓ ਹਸਪਤਾਲ ਨੂੰ ਕੋਵਿਡ-19 ਦੇ ਮਰੀਜ਼ਾਂ ਲਈ ਸਮਰਪਿਤ ਕਰ ਦਿੱਤਾ ਗਿਆ ਹੈ ਜਿੱਥੇ ਸਿਰਫ਼ ਕਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਇਹ ਹਸਪਤਾਲ ਵੀ ਕਾਫ਼ੀ ਵੱਡਾ ਹੈ ਜਿੱਥੇ ਹੋਰ ਬਿਮਾਰੀਆਂ ਦਾ ਇਲਾਜ ਹੁੰਦਾ ਸੀ। ਦਿੱਲੀ ਸਿਹਤ ਮਹਿਕਮੇ ਨੇ ਦੱਸਿਆ ਕਿ ਹਿੰਦੂ ਰਾਓ ਹਸਪਤਾਲ ਵਿੱਚ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਬਿਸਤਰਿਆਂ ਦੇ ਇੰਤਜ਼ਾਮ ਕਰਨ ਬਾਰੇ ਕਿਹਾ ਗਿਆ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 16 ਜੂਨ ਤਕ ਕੋਵਿਡ-19 ਦੇ ਮਰੀਜ਼ਾਂ ਲਈ ਬੰਦੋਬਸਤ ਕਰ ਲੈਣ।
50 ਬਿਸਤਰਿਆਂ ਵਾਲੇ ਹਸਪਤਾਲਾਂ ’ਚ ਵੀ ਕਰੋਨਾ ਮਰੀਜ਼ ਭਰਤੀ ਹੋਣਗੇ
ਦਿੱਲੀ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਵਧ ਰਹੇ ਕਰੋਨਾ ਸੰਕਟ ਦੌਰਾਨ ਕੌਮੀ ਰਾਜਧਾਨੀ ’ਚ 10-49 ਬਿਸਤਰਿਆਂ ਵਾਲੇ ਹਸਪਤਾਲ ਤੇ ਨਰਸਿੰਗ ਹੋਮਜ਼ ਨੂੰ ਕੋਵਿਡ- 19 ਦੀ ਸਹੂਲਤ ’ਚ ਤਬਦੀਲ ਕੀਤਾ ਜਾਵੇ। ਦਿੱਲੀ ਸਰਕਾਰ ਦਾ ਇਹ ਆਦੇਸ਼ ਉਸ ਆਦੇਸ਼ ਤੋਂ ਬਾਅਦ ਆਇਆ ਹੈ ਜਿਸ ’ਚ ਕਿਹਾ ਗਿਆ ਹੈ ਕਿ 50 ਬਿਸਤਰਿਆਂ ਵਾਲੇ ਹਸਪਤਾਲਾਂ ਨੂੰ ਕਰੋਨਾ ਦੇ ਮਰੀਜ਼ਾਂ ਲਈ ਆਪਣੇ 20 ਬਿਸਤਰੇ ਸੁਰੱਖਿਅਤ ਰੱਖਣੇ ਪੈਣਗੇ। ਹੁਣ ਜਿਹੜੇ ਹਸਪਤਾਲ ਤੇ ਨਰਸਿੰਗ ਹੋਮ 10-49 ਬਿਸਤਰੇ ਦੇ ਹਨ, ਨੂੰ ਪੂਰੀ ਤਰ੍ਹਾਂ ਕੋਵਿਡ ਦੇ ਇਲਾਜ ਕੇਂਦਰ ’ਚ ਤਬਦੀਲ ਕਰ ਦਿੱਤਾ ਜਾਵੇਗਾ ਜਦਕਿ 11 ਜੂਨ ਨੂੰ ਦਿੱਲੀ ਹਾਈ ਕੋਰਟ ਨੇ ਸਾਰੇ ਨਿੱਜੀ ਹਸਪਤਾਲਾਂ ਨੂੰ ਕਰੋਨਾ ਦੇ ਮਰੀਜ਼ਾਂ ਲਈ 20 ਪ੍ਰਤੀਸ਼ਤ ਬਿਸਤਰੇ ਰਾਖਵੇਂ ਕਰਨ ਲਈ ਕਿਹਾ ਸੀ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਸਾਰੇ ਕੋਵਿਡ ਸਮਰਪਿਤ ਹਸਪਤਾਲਾਂ ਨੂੰ ਆਕਸੀਜਨ ਬਿਸਤਰੇ ਬਣਾਉਣ ਦੇ ਆਦੇਸ਼ ਦਿੱਤੇ ਗਏ ਸਨ। ਮਰੀਜ਼ਾਂ ਦੀ ਗਿਣਤੀ ’ਚ ਵਾਧੇ ਤੋਂ ਬਾਅਦ ਦਿੱਲੀ ਸਰਕਾਰ ਨੇ ਇਹ ਹੁਕਮ ਆਈਸੀਯੂ ਬੈੱਡਾਂ ਤੇ ਆਕਸੀਜਨ ਬਿਸਤਰਿਆਂ ਦੀ ਵਧਦੀ ਮੰਗ ਦੇ ਮੱਦੇਨਜ਼ਰ ਜਾਰੀ ਕੀਤਾ ਹੈ। ਦਿੱਲੀ ਸਰਕਾਰ ਨੇ ਸਾਰੇ ਕੋਵਿਡ ਸਮਰਪਿਤ ਹਸਪਤਾਲਾਂ ਦੇ ਮੈਡੀਕਲ ਡਾਇਰੈਕਟਰਾਂ ਨੂੰ ਆਕਸੀਜਨ ਜਾਂ ਆਕਸੀਜਨ ਸਿਲੰਡਰਾਂ, ਜਿੱਥੇ ਪਾਈਪਾਂ ਰਾਹੀਂ ਆਕਸੀਜਨ ਦੀ ਸਪਲਾਈ ਨਹੀਂ ਹੈ, ਰਾਹੀਂ ਸਪਲਾਈ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਜ਼ਰੂਰੀ ਉਪਕਰਨ ਖ਼ਰੀਦਣ ਦੀ ਲਾਗਤ ਦਿੱਲੀ ਰਾਜ ਸਿਹਤ ਮਿਸ਼ਨ ਦੇ ਕੋਵਿਡ ਫੰਡ ਤੋਂ ਹੋਵੇਗੀ।