ਨਵੀਂ ਦਿੱਲੀ, 31 ਜੁਲਾਈ
ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਅੱਜ ਅਣਲੌਕ-3 ਦੇ ਤਹਿਤ ਹੋਟਲ ਆਮ ਤਰ੍ਹਾਂ ਖੋਲ੍ਹਣ ਅਤੇ ਹਫ਼ਤਾਵਾਰੀ ਬਾਜ਼ਾਰਾਂ ਨੂੰ ਖੋੋਲ੍ਹਣ ਦੀ ਛੂਟ ਦੇਣ ਸਬੰਧੀ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੇ ਫ਼ੈਸਲੇ ਨੂੰ ਖਾਰਜ ਕਰ ਦਿੱਤਾ ਹੈ। ਰਾਜ ਭਵਨ ਦੇ ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਿ ਕੋਵਿਡ-19 ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਅਤੇ ਖ਼ਤਰਾ ਅਜੇ ਦੂਰ ਨਹੀਂ ਹੋਇਆ ਇਸ ਦੇ ਮੱਦੇਨਜ਼ਰ ਉਪ ਰਾਜਪਾਲ ਨੇ ਇਹ ਫੈ਼ਸਲਾ ਲਿਆ ਹੈ। ਉਨ੍ਹਾਂ ਦਿੱਲੀ ਵਿੱਚ ਹੋਟਲ ਤੇ ਬਾਜ਼ਾਰ ਆਮ ਵਾਂਗ ਖੋਲ੍ਹਣ ਨਾਲ ਕਰੋਨਾ ਦੀ ਸਥਿਤੀ ਵਿਗੜਨ ਦਾ ਜ਼ਿਕਰ ਕੀਤਾ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਨੇ ਰਾਜਧਾਨੀ ਵਿੱਚ ਹੋਟਲਾਂ ਨੂੰ ਫ਼ਿਰ ਤੋਂ ਖੋਲ੍ਹਣ ਦਾ ਵੀਰਵਾਰ ਨੂੰ ਫ਼ੈਸਲਾ ਲਿਆ ਸੀ। ਇਸੇ ਤਰ੍ਹਾਂ ਕਰੋਨਾ ਸਬੰਧੀ ਸਮਾਜਿਕ ਦੂਰੀ ਦਾ ਖ਼ਿਆਲ ਰੱਖਦੇ ਹੋਏ ਹਫ਼ਤੇ ਦੇ ਸੱਤ ਦਿਨ ਬਾਜ਼ਾਰਾਂ ਨੂੰ ਖੋਲ੍ਹਣ ਦੀ ਛੂਟ ਦਿੱਤੀ ਗਈ ਸੀ। ਇਸ ਕਾਰਨ ਸ਼ਹਿਰ ਦੇ ਵਪਾਰੀਆਂ ਦੇ ਚਿਹਰਿਆਂ ’ਤੇ ਰੋਣਕਾਂ ਆ ਗਈਆਂ ਸਨ। ਉਨ੍ਹਾਂ ਨੂੰ ਆਸ ਜਗੀ ਸੀ ਕਿ ਦਿੱਲੀ ਵਿੱਚ ਮੁੜ ਉਨ੍ਹਾਂ ਦੇ ਕਾਰੋਬਾਰ ਖੁੱਲ੍ਹਣਗੇ ਤੇ ਉਨ੍ਹਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਆਵੇਗਾ। ਉਪ ਰਾਜਪਾਲ ਦੇ ਇਸ ਫ਼ੈਸਲੇ ਨਾਲ ਹੁਣ ਦਿੱਲੀ ਦੇ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਰੌਣਕਾਂ ਉੱਡ ਗਈਆਂ ਹਨ। ਉਨ੍ਹਾਂ ਨੂੰ ਆਪਣੀ ਆਰਥਿਕ ਹਾਲਤ ਸੁਧਾਰਨ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ। -ਪੀਟੀਆਈ