ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜੁਲਾਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਮੌਜੂਦ ਧੜੇ ਨੇ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਨੂੰ ਸਰਗਰਮ ਕਰਕੇ ਤੇ ਬੀਤੇ ਦਿਨ ਆਪਣੀ ਤਾਕਤ ਦਾ ਮੁਜ਼ਾਹਰਾ ਕਰਕੇ ਵਿਰੋਧੀ ਧਿਰਾਂ ਦੇ ਗਣਿਤ ਵਿਗਾੜ ਦਿੱਤੇ ਹਨ। ਬੀਤੇ ਦਿਨ ਸਮਾਗਮ ਦੌਰਾਨ ਮੁੱਖ ਬੁਲਾਰਿਆਂ ਨੇ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਨੂੰ ਆਪਣੇ ਹਾਲਾਤਾਂ ਮੁਤਾਬਕ ਸਿਆਸੀ ਪੱਧਰ ਦੇ ਫ਼ੈਸਲੇ ਲੈਣ ਲਈ ਪ੍ਰੇਰਿਆ। ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਉਦਾਹਰਨ ਦਿੱਤੀ ਕਿ ਹਰਿਆਣਾ ਵਿੱਚ ਸਿੱਖ ਆਪਣੀ ਹੋਂਦ ਬਚਾਉਣ ਲਈ ਜੂਝਦੇ ਰਹੇ, ਜਦੋਂਕਿ ਉਹ ਸਿਆਸੀ ਰਸੂਖ ਕਾਇਮ ਕਰ ਸਕਦੇ ਸਨ। ਬੀਤੇ ਦਿਨ ਹੋਏ ਇਕੱਠ ਨੇ ਸਰਨਾ ਧੜੇ, ‘ਜਾਗੋ’ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਜਾਪ ਰਹੀਆਂ ਹਨ। ਹਾਲਾਂਕਿ ਸਰਨਾ ਧੜੇ ਦੇ 15 ਮੈਂਬਰ ਇਸ ਵਾਰ ਜਿੱਤੇ ਤੇ ਮਜ਼ਬੂਤ ਵਿਰੋਧੀ ਧਿਰ ਕਾਇਮ ਹੋਈ ਪਰ ਬਾਦਲ ਧੜੇ ਨੂੰ ਖਾਸਾ ਖੋਰਾ ਲੱਗਾ ਹੈ। ਉਥੇ ਹੀ ਵੀਡੀਓ ਜਾਰੀ ਕਰਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਵਤਾਰ ਸਿੰਘ ਹਿਤ ਵੱਲੋਂ ਹਰਮੀਤ ਸਿੰਘ ਕਾਲਕਾ ਦੀ ਸਖ਼ਤ ਆਲੋਚਨਾ ਕੀਤੀ ਗਈ ਤੇ ਕਈ ਕਥਿਤ ਦੋਸ਼ ਲਾਏ ਗਏ। ਉਧਰ ਦਿੱਲੀ ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ ਨੇ ਕਿਹਾ ਕਿ ਸ੍ਰੀ ਹਿਤ ਵੱਲੋਂ ਜਿਹੋ-ਜਿਹੀ ਭਾਸ਼ਾ ਇਸਤੇਮਾਲ ਕੀਤੀ ਗਈ ਹੈ, ਉਸ ਤੋਂ ਬਾਦਲ ਧੜੇ ਦੀ ਨਿਰਾਸ਼ਾ ਤੇ ਬੁਖ਼ਲਾਹਟ ਝਲਕਦੀ ਹੈ, ਜਿਸ ਦਾ ਵਿਰੋਧ ਰਾਮਗੜ੍ਹੀਆ ਭਾਈਚਾਰੇ ਦੇ ਆਗੂਆਂ ਵੱਲੋਂ ਵੀ ਕੀਤਾ ਜਾ ਰਿਹਾ ਹੈ।
ਨੈਸ਼ਨਲ ਅਕਾਲੀ ਦਲ ਦੀ ਨਵੀਂ ਕਾਰਜਕਾਰਨੀ ਦਾ ਐਲਾਨ
ਨੈਸ਼ਨਲ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਪਾਰਟੀ ਦੀ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ। ਇਸ ਮੌਕੇ ਬਿੰਦੀਆ ਮਲਹੋਤਰਾ ਨੂੰ ਕੌਮੀ ਜਨਰਲ ਸਕੱਤਰ, ਰਸ਼ਮੀਤ ਕੌਰ ਕੌਮੀ ਸੰਗਠਨ ਮੰਤਰੀ, ਦਲਜੀਤ ਕੌਰ ਸੋਸ਼ਲ ਵਿੰਗ ਦੀ ਕੌਮੀ ਪ੍ਰਧਾਨ ਤੇ ਭਾਵਨਾ ਧਵਨ ਮਹਿਲਾ ਵਿੰਗ ਦੀ ਕੌਮੀ ਪ੍ਰਧਾਨ ਅਤੇ ਕੁਲਦੀਪ ਸਿੰਘ ਮਰਵਾਹ ਨੂੰ ਦਿੱਲੀ ਸੂਬਾ ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਕਰੋਨਾ ਦੌਰ ਕਾਰਨ ਨਵੀਂ ਕਾਰਜਕਾਰਨੀ ਦਾ ਗਠਨ ਲੰਬੇ ਸਮੇਂ ਤੱਕ ਨਹੀਂ ਹੋ ਸਕਿਆ ਤੇ ਕੁਝ ਮੈਂਬਰ, ਜੋ ਕਰੋਨਾ ਦੌਰ ਵਿੱਚ ਸ਼ਾਮਲ ਸਨ, ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾਂ ਦੀ ਮੌਤ ਕਾਰਨ ਕਈ ਅਸਾਮੀਆਂ ਖਾਲੀ ਪਈਆਂ ਸਨ। ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਨੈਸ਼ਨਲ ਅਕਾਲੀ ਦਲ ਦਾ ਮਕਸਦ ਕੋਈ ਰਾਜਨੀਤੀ ਕਰਨਾ ਨਹੀਂ, ਸਗੋਂ ਸਮਾਜਿਕ ਮੁੱਦਿਆਂ ਨੂੰ ਸਰਕਾਰ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਦਾ ਹੱਲ ਕਰਵਾਉਣਾ ਹੈ। ਪੰਮਾ ਨੇ ਕਿਹਾ ਕਿ ਜਲਦੀ ਹੀ ਸਾਰੇ ਆਪੋ-ਆਪਣੇ ਵਿੰਗ ਦੀ ਕਾਰਜਕਾਰਨੀ ਦਾ ਐਲਾਨ ਕਰਨਗੇ ਤੇ ਸੱਭਿਆਚਾਰ ਵਿੰਗ, ਵਪਾਰ ਅਤੇ ਉਦਯੋਗ ਵਿੰਗ ਦੇ ਪ੍ਰਧਾਨ ਨਿਯੁਕਤ ਕੀਤੇ ਜਾਣਗੇ। ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਵਿੱਚ ਜਾ ਕੇ ਦਲ ਦੀਆਂ ਹੋਰ ਸ਼ਾਖਾਵਾਂ ਬਣਾ ਕੇ ਲੋਕਾਂ ਨੂੰ ਜੋੜਨ ਦਾ ਕੰਮ ਬਹੁਤ ਜਲਦੀ ਕੀਤਾ ਜਾਵੇਗਾ। ਇਸ ਮੌਕੇ ਸਾਰਿਆਂ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।