ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਸਤੰਬਰ
ਹਿੰਦੀ ਅਕਾਦਮੀ ਦਿੱਲੀ ਅਤੇ ਹਿੰਦੁਸਤਾਨੀ ਭਾਸ਼ਾ ਅਕਾਦਮੀ ਦੇ ਸਾਂਝੇ ਉਪਰਾਲਿਆਂ ਸਦਕਾ ਸੈਂਟ ਕੋਲੰਬੋ ਪਬਲਿਕ ਸਕੂਲ, ਪੀਤਮ ਪੁਰਾ ਵਿਖੇ ਭਾਰਤੀ ਭਾਸ਼ਾਵਾਂ ਦੇ ਅਧਿਆਪਕਾਂ ਨੂੰ ਸਨਮਾਨਤ ਕੀਤਾ ਗਿਆ। ਹਿੰਦੁਸਤਾਨੀ ਭਾਸ਼ਾ ਅਕਾਦਮੀ ਪਿਛਲੇ ਪੰਜ ਸਾਲਾਂ ਤੋਂ 10ਵੀਂ ਕਲਾਸ ਦੀ ਬੋਰਡ ਪਰੀਖਿਆ ਵਿਚ ਭਾਰਤੀ ਭਾਸ਼ਾਵਾਂ (ਹਿੰਦੀ, ਸੰਸਕ੍ਰਿਤ, ਪੰਜਾਬੀ, ਉਰਦੂ, ਬੰਗਾਲੀ, ਗੁਜਰਾਤੀ, ਤੇਲਗੂ ਅਤੇ ਸਿੰਧੀ) ’ਚ 90 ਫੀਸਦੀ ਤੋਂ ਵਧ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਭਾਸ਼ਾ ਅਧਿਆਪਕਾਂ ਨੂੰ ਵੀ ‘ਭਾਸ਼ਾ ਗੌਰਵ ਸਿਖਿਅਕ ਸਨਮਾਨ’ ਨਾਲ ਸਨਮਾਨਤ ਕੀਤਾ ਜਾਂਦਾ ਹੈ। ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਸਿੱਧ ਹਾਸ ਕਵੀ ਸੁਰਿੰਦਰ ਸ਼ਰਮਾ ਨੇ ਕੀਤੀ। ਮੁੱਖ ਮਹਿਮਾਨ ਵਜੋਂ ਬਾਹਰੀ ਜਿਲ੍ਹਾ ਦਿੱਲੀ ਦੇ ਐਡੀਸ਼ਨਲ ਪੁਲਿਸ ਕਮਿਸ਼ਨਰ ਆਨੰਦ ਕੁਮਾਰ ਮਿਸ਼ਰਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਜੀਤਰਾਮ ਭੱਟ (ਸਕੱਤਰ, ਹਿੰਦੀ ਅਕਾਦਮੀ, ਦਿੱਲੀ) ਅਤੇ ਚਮਨ ਲਾਲ ਸ਼ਰਮਾ (ਚੇਅਰਮੈਨ, ਸੈਂਟ ਕੋਲੰਬੋ ਸਕੂਲ) ਹਾਜਰ ਹੋਏ। ਪ੍ਰੋਗਰਾਮ ਦਾ ਅਰੰਭ ਹਿੰਦੁਸਤਾਨੀ ਭਾਸ਼ਾ ਅਕਾਦਮੀ ਦੇ ਪ੍ਰਧਾਨ ਸੁਧਾਕਰ ਪਾਠਕ ਅਤੇ ਆਏ ਮਹਿਮਾਨਾਂ ਵਲੋਂ ਸ਼ਮ੍ਹਾਂ ਰੌਸ਼ਨ ਕਰਨ ਤੇ ਰਾਸ਼ਟਰੀ ਗੀਤ ਨਾਲ ਹੋਇਆ। ਇਸ ਮੌਕੇ 208 ਅਧਿਆਪਕਾਂ ਨੂੰ ‘ਭਾਸ਼ਾ ਗੌਰਵ ਸਿੱਖਿਅਕ ਸਨਮਾਨ’ ਨਾਲ ਸਨਮਾਨਿਆ ਗਿਆ। ਜਿਨ੍ਹਾਂ ਵਿਚ ਪੰਜਾਬੀ ਭਾਸ਼ਾ ਲਈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੀਆਂ ਅਧਿਆਪਕਾਵਾਂ ਨੂੰ ਸਨਮਾਨਿਆ ਗਿਆ। ਇਸ ਮੌਕੇ ਜਨਮਤ ਦੀ ਪੁਕਾਰ ਦੈਨਿਕ ਦੇ ਸੰਪਾਦਕ ਆਰ.ਕੇ. ਜੈਸਵਾਲ ਨੂੰ ਯਾਦ ਚਿੰਨ੍ਹ ਦੇ ਕੇੇ ਸਨਮਾਨਿਆ ਗਿਆ। ਪ੍ਰੋਗਰਾਮ ਦੀ ਸਫਲਤਾ ਵਿਚ ਹਿੰਦੁਸਤਾਨੀ ਭਾਸ਼ਾ ਅਕਾਦਮੀ ਦੇ ਅਹੁਦੇਦਾਰਾਂ ਵਿਜੇ ਸ਼ਰਮਾ, ਰਾਜਕੁਮਾਰ ਸ਼੍ਰੇਸ਼ਠ, ਸੁਰੇਖਾ ਸ਼ਰਮਾ, ਸਰੋਜ ਸ਼ਰਮਾ, ਸੁਸ਼ਮਾ ਭੰਡਾਰੀ, ਡਾ. ਸੋਨੀਆ ਅਰੋੜਾ, ਡਾ. ਗਰਿਮਾ ਸੰਜੇ, ਡਾ. ਵਨੀਤਾ ਸ਼ਰਮਾ ਅਤੇ ਸੁਖਵਰਸ਼ਾ ਪਾਠਕ ਨੇ ਮਹੱਤਵਪੂਰਨ ਭੂਮਿਕਾ ਨਿਭਾਈ।