ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਅਪਰੈਲ
ਪੈਟਰੋਲ, ਡੀਜ਼ਲ ਤੇ ਸੀਐਨਜੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਖ਼ਿਲਾਫ਼ ਦਿੱਲੀ ਵਿੱਚ ਆਟੋ ਚਾਲਕਾਂ ਨੇ ਅੱਜ ਇੱਕ ਦਿਨ ਦੀ ਹੜਤਾਲ ਕੀਤੀ। ਰਾਸ਼ਟਰੀ ਰਾਜਧਾਨੀ ਵਿੱਚ ਇਸ ਸਮੇਂ ਲਗਭਗ ਇੱਕ ਲੱਖ ਆਟੋ ਰਿਕਸ਼ਾ ਚੱਲ ਰਹੇ ਹਨ। ਆਮ ਲੋਕਾਂ ਨੂੰ ਗਰਮੀ ਵਿੱਚ ਖਾਸੀ ਪ੍ਰੇਸ਼ਾਨੀ ਵੀ ਝੱਲਣੀ ਪਈ।
ਆਟੋ, ਕੈਬ ਅਤੇ ਟੈਕਸੀ ਡਰਾਈਵਰਾਂ ਦੀਆਂ ਜਥੇਬੰਦੀਆਂ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਅੱਜ ਜੰਤਰ-ਮੰਤਰ ’ਤੇ ਰੋਸ ਪ੍ਰਦਰਸ਼ਨ ਕੀਤਾ ਅਤੇ 11 ਅਪਰੈਲ ਨੂੰ ਦਿੱਲੀ ਸਕੱਤਰੇਤ ਵਿੱਚ ਕੇਂਦਰ ਅਤੇ ਸ਼ਹਿਰੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੀਆਂ। ਆਟੋ ਚਾਲਕਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਹੋਰ ਰੋਸ ਮੁਜ਼ਾਹਰੇ ਕੀਤੇ ਜਾਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਸੀਐੱਨਜੀ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਕੰਮ ਜਾਰੀ ਰੱਖਣਾ ਮੁਸ਼ਕਲ ਹੋ ਰਿਹਾ ਹੈ। ਇੱਕ ਆਟੋ ਚਾਲਕ ਨੇ ਕਿਹਾ ਕਿ ਸੀਐੱਨਜੀ ਦੀਆਂ ਕੀਮਤਾਂ ਹਰ ਰੋਜ਼ ਵਧਣ ਕਾਰਨ ਕੰਮ ਪ੍ਰਭਾਵਿਤ ਹੋ ਰਿਹਾ ਹੈ, ਜਦ ਕਿ ਪੁਰਾਣੇ ਮੀਟਰ ਦੇ ਰੇਟਾਂ ਦੀ ਪਾਲਣਾ ਕੀਤੀ ਜਾ ਰਹੀ ਹੈ।
ਇੱਕ ਹੋਰ ਆਟੋ ਡਰਾਈਵਰ ਨੇ ਕਿਹਾ ਕਿ ਜੇਕਰ ਉਹ ਸਵਾਰੀਆਂ ਤੋਂ 10-20 ਰੁਪਏ ਹੋਰ ਮੰਗਦੇ ਹਨ ਤਾਂ ਉਹ ਆਟੋ ਤੋਂ ਉਤਰ ਕੇ ਚਲੀਆਂ ਜਾਂਦੀਆਂ ਹਨ। ਉਸ ਨੇ ਕਿਹਾ ਕਿ ਸਰਕਾਰ ਉਦੋਂ ਹੀ ਨੋਟਿਸ ਲਵੇਗੀ ਜਦੋਂ ਸਾਰੇ ਡਰਾਈਵਰ ਸੜਕਾਂ ’ਤੇ ਉਤਰਨਗੇ। ਆਟੋ ਚਾਲਕ ਨੇ ਦੱਸਿਆ ਕਿ ਬਹੁਤ ਸਾਰੇ ਕਿਰਾਏ ਦੇ ਆਟੋਰਿਕਸ਼ਾ ਚਲਾਉਂਦੇ ਹਨ। ਸੀਐਨਜੀ ਖਰੀਦਣ ਤੇ ਆਟੋਰਿਕਸ਼ਾ ਮਾਲਕ ਨੂੰ ਭੁਗਤਾਨ ਕਰਨ ਮਗਰੋਂ ਉਨ੍ਹਾਂ ਹੱਥ ਵਿੱਚ ਬਹੁਤਾ ਕੁਝ ਨਹੀਂ ਰਹਿੰਦਾ। ਸਰਵੋਦਿਆ ਡਰਾਈਵਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਰਵੀ ਰਾਠੌਰ ਨੇ ਕਿਹਾ ਕਿ ਜੇ ਉਨ੍ਹਾਂ ਦੀ ਸੀਐੱਨਜੀ ਦੀਆਂ ਕੀਮਤਾਂ ਘਟਾਉਣ ਜਾਂ ਕਿਰਾਏ ਵਿੱਚ ਵਾਧੇ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਨ੍ਹਾਂ ਦੀ ਐਸੋਸੀਏਸ਼ਨ ਅਣਮਿੱਥੇ ਸਮੇਂ ਲਈ ਹੜਤਾਲ ਕਰੇਗੀ। ਉਨ੍ਹਾਂ ਦੱਸਿਆ ਕਿ ਪਿਛਲੇ 7-8 ਸਾਲਾਂ ਤੋਂ ਓਲਾ ਅਤੇ ਉਬੇਰ ਦੇ ਕਿਰਾਏ ਵਿੱਚ ਕੋਈ ਸੋਧ ਨਹੀਂ ਕੀਤੀ ਗਈ ਹੈ, ਜਿਸ ਖ਼ਿਲਫ਼ ਅਣਮਿੱਥੇ ਸਮੇਂ ਲਈ ਹੜਤਾਲ ਦਾ ਸੱਦਾ ਦਿੱਤਾ ਜਾਵੇਗਾ।
ਦਿੱਲੀ ਆਟੋ ਰਿਕਸ਼ਾ ਸੰਘ ਦੇ ਜਨਰਲ ਸਕੱਤਰ ਰਾਜਿੰਦਰ ਸੋਨੀ ਨੇ ਕਿਹਾ ਕਿ ਸੀਐੱਨਜੀ ਦੀਆਂ ਕੀਮਤਾਂ ਵਿੱਚ ਵਾਧਾ ਬੇਮਿਸਾਲ ਹੈ ਅਤੇ ਟੈਕਸੀ, ਕੈਬ ਤੇ ਆਟੋ ਚਾਲਕਾਂ ਲਈ ਬਚਣਾ ਮੁਸ਼ਕਲ ਹੋ ਰਿਹਾ ਹੈ। ਸੋਨੀ ਨੇ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੀਐੱਨਜੀ ’ਤੇ 35 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਦੇਣ ਲਈ ਲਿਖਿਆ ਹੈ। 18 ਅਪਰੈਲ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ 11 ਅਪਰੈਲ ਨੂੰ ਸਕੱਤਰੇਤ ਵਿਖੇ ਮਹਿੰਗਾਈ ਦਾ ਵਿਰੋਧ ਕਰਨ ਲਈ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਵੀ ਕੀਤਾ ਹੈ। ਰਾਸ਼ਟਰੀ ਰਾਜਧਾਨੀ ਵਿੱਚ ਵੀਰਵਾਰ ਨੂੰ ਸੀਐੱਨਜੀ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਦਿਨ 2.50 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਗਿਆ, ਜਿਸ ਨਾਲ ਮਾਰਚ ਤੋਂ ਬਾਅਦ ਕੁੱਲ ਵਾਧਾ 12.5 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ। ਦਿੱਲੀ ਦੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਸੀਐੱਨਜੀ ਦੀ ਕੀਮਤ ਹੁਣ 69.11 ਪ੍ਰਤੀ ਕਿਲੋਗ੍ਰਾਮ ਹੈ, ਜੋ ਕੁਝ ਦਿਨ ਪਹਿਲਾਂ 66.61 ਪ੍ਰਤੀ ਕਿਲੋਗ੍ਰਾਮ ਸੀ।
ਸੀਐੱਨਜੀ ਦੇ ਭਾਅ ਘਟਾਏ ਜਾਣ: ਦੁਰਗੇਸ਼ ਪਾਠਕ
ਆਮ ਆਦਮੀ ਪਾਰਟੀ ਦੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਆਟੋ-ਟੈਕਸੀ ਦੇ ਫਿਟਨੈੱਸ ਸਰਟੀਫਿਕੇਟ ਦੇ ਨਵੀਨੀਕਰਨ ਦੇਰੀ ਨਾਲ ਜੁਰਮਾਨਾ ਕਈ ਗੁਣਾ ਵਧਾ ਦਿੱਤਾ ਗਿਆ ਹੈ। ਪਹਿਲਾਂ ਆਟੋ-ਟੈਕਸੀ ਦੇ ਫਿਟਨੈੱਸ ਸਰਟੀਫਿਕੇਟ ਦੇ ਨਵੀਨੀਕਰਨ ਵਿੱਚ ਦੇਰੀ ਲਈ 300 ਰੁਪਏ ਜੁਰਮਾਨਾ ਲਗਾਇਆ ਜਾਂਦਾ ਸੀ, ਜੋ ਹੁਣ ਵਧਾ ਕੇ 5 ਹਜ਼ਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੀਐੱਨਜੀ ਦੇ ਭਾਅ ਅਤੇ ਵਧਾਇਆ ਜੁਰਮਾਨਾਂ ਘੱਟ ਕਰੇ, ਜੇਕਰ ਅਜਿਹਾ ਨਾ ਹੋਇਆ ਤਾਂ ਦਿੱਲੀ ਦੇ ਆਟੋ-ਟੈਕਸੀ ਵਾਲਿਆਂ ਕੋਲ ਵੱਡਾ ਅੰਦੋਲਨ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹੇਗਾ। ਪਾਠਕ ਨੇ ਅੱਜ ਪਾਰਟੀ ਹੈੱਡਕੁਆਰਟਰ ਵਿੱਚ ਅਹਿਮ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਦਿੱਲੀ ਅਤੇ ਦੇਸ਼ ਨੂੰ ਬਣਾਉਣ ਵਿੱਚ ਆਟੋ-ਟੈਕਸੀ ਵਾਲਿਆਂ ਦਾ ਵੱਡਾ ਹੱਥ ਹੈ। ਪੁਲੀਸ ਕਈ ਵਾਰ ਆਟੋ-ਟੈਕਸੀ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੀ ਹੈ ਅਤੇ ਉਨ੍ਹਾਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਭਾਜਪਾ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਕਿ ‘ਆਪ’ ਮੱਗਰਮੱਛ ਦੇ ਹੰਝੂ ਵਹਾ ਰਹੇ ਹਨ ਤੇ ਆਟੋ-ਟੈਕਸੀ ਚਾਲਕਾਂ ਦਾ ਸਰਕਾਰ ਸੋਸ਼ਣ ਕਰ ਰਹੀ ਹੈ। ਦਿੱਲੀ ਸਰਕਾਰ ਨੇ ਆਟੋ-ਟੈਕਸੀ ਚਾਲਕਾਂ ਲਈ ਕੁੱਝ ਨਹੀਂ ਕੀਤਾ ਸਗੋਂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਜਾਰੀ ਹੈ। ਬੁਲਾਰੇ ਨੇ ਕਿਹਾ ਕਿ ਕੌਮਾਂਤਰੀ ਹਾਲਤਾਂ ਕਰਕੇ ਸੀਐੱਨਜੀ ਦੇ ਭਾਅ ਵਧੇ ਹਨ। ਕੇਜਰੀਵਾਲ ਸਰਕਾਰ ਸੀਐੱਨਜੀ ਦੇ ਭਾਅ ਵਿੱਚ ਸਬਸਿਡੀ ਦੇ ਕੇ ਲੋਕਾਂ ਨੂੰ ਰਾਹਤ ਦੇਵੇ।