ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਮਈ
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਵੱਲੋਂ ਕਰੋਨਾ ਪੀੜਤਾਂ ਨੂੰ ਰਾਹਤ ਦੇਣ ਲਈ ਮੁਫ਼ਤ ਆਟੋ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਹੈ। ਸੰਜੇ ਸਿੰਘ ਨੇ ਦੱਸਿਆ ਕਿ ਇਹ ਸੇਵਾ ਤਹਿਤ 10 ਆਟੋ ਤਿਆਰ ਕੀਤੇ ਗਏ ਹਨ, ਜੋ ਕਰੋਨਾ ਦੇ ਹਲਕੇ-ਫੁੱਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਹਸਪਤਾਲਾਂ ਤੱਕ ਪੁੱਜਦਾ ਕਰਨ ਲਈ ਇਸਤੇਮਾਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਦਫ਼ਤਰ ਰਾਹੀਂ ਲੋੜਵੰਦ ਲੋਕਾਂ ਲਈ ਮੁਫ਼ਤ ਆਟੋ ਸੇਵਾ ਦਾ ਸੰਚਾਲਨ ਕਰਵਾ ਰਹੇ ਹਨ, ਜਿਸ ਨਾਲ ਮਰੀਜ਼ਾਂ ਨੂੰ ਆਪਣੇ ਆਸ-ਪਾਸ ਦੇ ਹਸਪਤਾਲਾਂ ਵਿੱਚ ਸਹੀ ਸਮੇਂ ਤੱਕ ਪੁੱਜਣ ਵਿੱਚ ਮਦਦ ਮਿਲੇਗੀ। ਇਨ੍ਹਾਂ ਆਟੋ ਚਾਲਕਾਂ ਨੂੰ ਵੀ ਕਰੋਨਾ ਨਾਲ ਜੁੜੀ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਉਪਕਰਨ ਮੁਹੱਈਆ ਕਰਵਾਏ ਗਏ ਹਨ। ਇਹ ਮੁਹਿੰਮ ਸਮਾਜ ਸੇਵੀ ਸੰਸਥਾ ‘ਟੀਵਾਈਸੀਆਈਏ’ ਦੇ ਸੰਚਾਲਕ ਮੋਹਿਤ ਦੇ ਯਤਨਾ ਨਾਲ ਸ਼ੁਰੂ ਕੀਤੀ ਗਈ ਹੈ। ਰਾਜ ਸਭਾ ਮੈਂਬਰ ਨੇ ਕਿਹਾ ਕਿ ਜਿਸ ਹਲਕੇ-ਫੁੱਲਕੇ ਲੱਛਣਾਂ ਵਾਲੇ ਮਰੀਜ਼ ਨੂੰ ਆਟੋ ਐਂਬੂਲੈਂਸ ਦੀ ਲੋੜ ਹੋਵੇਗੀ ਉਹ 9818430043 ਜਾਂ ਸੰਸਥਾ ਦੇ ਫੋਨ ਨੰਬਰ 011-41236614 ਉਪਰ ਸੰਪਰਕ ਕਰ ਸਕਦਾ ਹੈ। ਇਸ ਸਮੇਂ ਦਿੱਲੀ ਵਿੱਚ ਆਕਸੀਜਨ ਦੀ ਕਮੀ ਦੇ ਨਾਲ-ਨਾਲ ਐਂਬੂਲੈਂਸ ਸੇਵਾਵਾਂ ਦੀ ਵੀ ਕਮੀ ਹੈ, ਜਿਸ ਕਰਕੇ ਪੀੜਤ ਪਰਿਵਾਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।