ਨਵੀਂ ਦਿੱਲੀ, 6 ਜੁਲਾਈ
ਦਿੱਲੀ ਦੇ ਲੁਟੀਅਨਜ਼ ਵਿੱਚ ਅੱਜ ਔਰੰਗਜ਼ੇਬ ਲੇਨ ਦਾ ਨਾਮ ਬਦਲ ਕੇ ਡਾ. ਏਪੀਜੇ ਅਬਦੁਲ ਕਲਾਮ ਲੇਨ ਕਰ ਦਿੱਤਾ ਗਿਆ ਹੈ। ਇਹ ਲੇਨ ਅਬਦੁਲ ਕਲਾਮ ਰੋਡ ਨੂੰ ਕੇਂਦਰੀ ਦਿੱਲੀ ਵਿੱਚ ਪ੍ਰਿਥਵੀ ਰਾਜ ਰੋਡ ਨਾਲ ਮਿਲਾਉਂਦੀ ਹੈ। ਨਵੀਂ ਦਿੱਲੀ ਮਿਉਂਸਿਪਲ ਕੌਂਸਲ (ਐੱਨਡੀਐੱਮਸੀ) ਦੇ ਵਰਕਰਾਂ ਨੇ ਅੱਜ ਇੱਥੇ ਰੋਡ ’ਤੇ ਭਾਰਤ ਦੇ 11ਵੇਂ ਰਾਸ਼ਟਰਪਤੀ ਦੇ ਨਾਮ ਵਾਲੀ ਤਖ਼ਤੀ ਲਗਾਈ ਹੈ। ਇਕ ਅਧਿਕਾਰੀ ਮੁਤਾਬਕ ਐੱਨਡੀਐੱਮਸੀ ਵੱਲੋਂ ਜੂਨ ਮਹੀਨੇ ਇਸ ਦੇ ਮੈਂਬਰਾਂ ਦੀ ਮੀਟਿੰਗ ਦੌਰਾਨ ਲੇਨ ਦਾ ਨਾਮ ਬਦਲਣ ਨੂੰ ਮਨਜ਼ੂਰੀ ਦਿੱਤੀ ਗਈ ਸੀ। ਕੌਂਸਲ ਵੱਲੋਂ 17ਵੀਂ ਦੀ ਸਦੀ ਮੁਗਲ ਸ਼ਾਸਕ ਦੇ ਨਾਮ ’ਤੇ ਬਣੀ ਔਰੰਗਜ਼ੇਬ ਰੋਡ ਦਾ ਨਾਮ ਅਗਸਤ 2015 ਵਿੱਚ ਬਦਲ ਕੇ ਡਾ. ਏਪੀਜੇ ਅਬਦੁੱਲ ਕਲਾਮ ਰੋਡ ਕਰ ਦਿੱਤਾ ਗਿਆ ਸੀ। ਐੱਨਡੀਐੱਮਸੀ ਦੇ ਉਪ ਚੇਅਰਮੈਨ ਸਤੀਸ਼ ਉਪਾਧਿਆਏ ਨੇ ਪਿਛਲੇ ਹਫ਼ਤੇ ਇਸ ਮਾਰਗ ਦਾ ਨਾਂ ਬਦਲਣ ਸਬੰਧੀ ਐਲਾਨ ਕੀਤਾ ਸੀ। -ਪੀਟੀਆਈ