ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਜੁਲਾਈ
ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ ’ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ‘ਹਰ ਜਾਬਰ ਦੀ ਇਹੋ ਕਹਾਣੀ ਕਰਨਾ ਜਬਰ ਅਤੇ ਮੂੰਹ ਦੀ ਖਾਣੀ’ ਇਸ ਤਰ੍ਹਾਂ ਭਾਰਤ ਸਰਕਾਰ ਜੋ ਪਿਛਲੇ ਇੱਕ ਸਾਲ ਤੋਂ ਦੇਸ ਦੇ ਮੰਡੀਕਰਨ ਪ੍ਰਬੰਧ ਨੂੰ ਪ੍ਰਾਈਵੇਟ ਹੱਥਾਂ ’ਚ ਦੇਣ ਲਈ ਉਤਾਵਲੀ ਹੋਈ ਪਈ ਹੈ। ਇਸ ਦਾ ਵਿਰੋਧ ਕਰ ਰਹੇ ਦਿੱਲੀ ਕਿਸਾਨ ਮੋਰਚੇ ਨੂੰ ਫੇਲ੍ਹ ਕਰਨ ਅਤੇ ਇਸ ’ਤੇ ਜਬਰ ਕਰਨ ਲਈ ਸਦਾ ਹੀ ਤਤਪਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੋਰਚੇ ਬਦਨਾਮ ਕਰ ਵਿੱਚ ਹਰੇਕ ਫਰੰਟ ’ਤੇ ਫੇਲ੍ਹ ਹੋਈ। ਸੂਬਾ ਆਗੂ ਰੂਪ ਸਿੰਘ ਛੰਨਾਂ ਨੇ ਕਿਹਾ 1991 ’ਚ ਨਰਸਿਮ੍ਹਾ ਰਾਓ ਦੀ ਸਰਕਾਰ ਨੇ ਇਹ ਲੋਕ ਵਿਰੋਧੀ ਨੀਤੀਆਂ ਲਿਆਂਦੀਆਂ ਜਿਨ੍ਹਾਂ ਨੂੰ ਮੋਦੀ ਸਰਕਾਰ ਲਾਗੂ ਕਰ ਰਹੀ ਹੈ ਜਿਸ ਰਾਹੀਂ ਹਵਾਈ ਅੱਡੇ, ਬੰਦਰਗਾਹਾਂ ਲੋਹਾ, ਕੋਲਾ ਅਤੇ ਹੋਰ ਮਹਿੰਗੀਆਂ ਧਾਤਾਂ ਦੀਆਂ ਖਾਣਾਂ, ਰੇਲ ਗੱਡੀਆਂ, ਰੇਲਵੇ ਸਟੇਸ਼ਨ ਸਾਰੇ ਪਬਲਿਕ ਅਦਾਰੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ। ਉਨ੍ਹਾਂ ਸਮੂਹ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਸਾਮਰਾਜੀਆਂ ਵੱਲੋਂ ਕਿਰਤੀ ਲੋਕਾਂ ’ਤੇ ਵਿੱਢੇ ਏਡੇ ਵੱਡੇ ਹਮਲੇ ਖ਼ਿਲਾਫ਼ ਵਿਸ਼ਾਲ ਅਤੇ ਦ੍ਰਿੜ੍ਹ ਸੰਘਰਸ਼ ਦੀ ਲੋੜ ਹੈ।
ਅੱਜ ਸੰਯੁਕਤ ਕਿਸਾਨ ਮੋਰਚਾ ਟਿਕਰੀ ਬਾਡਰ ਦਿੱਲੀ ਦੀ ਮੀਟਿੰਗ ਬੀ ਕੇ ਯੂ ਕਾਦੀਆਂ ਦੇ ਆਗੂ ਬਲਦੇਵ ਸਿੰਘ ਝਲੂਰ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਦੇ ਸਮੂਹ ਵਰਗਾਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਮਹਿੰਗਾਈ ਵਿਰੁੱਧ ਅੰਦੋਲਨ ’ਚ ਕੀਤੀ ਸ਼ਮੂਲੀਅਤ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਚੱਲ ਰਹੇ ਸੰਘਰਸ਼ੀ ਅਖਾੜਿਆਂ ’ਚ ਨਵਾਂ ਜੋਸ਼ ਭਰਿਆ ਹੈ। ਇਸ ਦੌਰਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਭਾਜਪਾ ਦੇ ਅੰਤ ਦਾ ਕਾਰਨ ਕਿਸਾਨ ਅੰਦੋਲਨ ਬਣੇਗਾ। ਇਸ ਮੌਕੇ ਰਜਿੰਦਰ ਸਿੰਘ ਦੀਪ ਵਾਲਾ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਵੱਲੋਂ ਦਿੱਤਾ ਬਿਆਨ ਬਹੁਤ ਹੀ ਹਾਸੋਹੀਣਾ ਹੈ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਨਿੱਤਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੰਬਾਨੀ ਅਤੇ ਅਡਾਨੀ ਘਰਾਣਿਆਂ ਨਾਲ ਹੇਜ ਜੱਗ ਜ਼ਾਹਰ ਹੋ ਚੁੱਕਿਆ ਹੈ। ਇਸ ਮੌਕੇ ਪਰਗਟ ਸਿੰਘ ਤਲਵੰਡੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪਾਰਲੀਮੈਂਟ ਵੱਲ ਮਾਰਚ ਕਰਕੇ ਗ੍ਰਿਫ਼ਤਾਰੀਆਂ ਦਿੱਤੀਆਂ ਜਾਣਗੀਆਂ ਤੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਜੀਂਦ(ਮਹਾਂਵੀਰ ਮਿੱਤਲ): ਅੱਜ ਇਥੇ ਬੱਦੋਵਾਲ ਟੌਲ ਪਲਾਜ਼ਾ ਦੇ ਕੋਲ ਕਿਸਾਨ ਧਰਨੇ ਨੂੰ ਸੰਬੋਧਨ ਕਰਦੇ ਹੋਏ ਮਹਿਲਾ ਕਿਸਾਨ ਸੀਮਾ ਬੱਦੋਵਾਲ ਨੇ ਨੇ ਕਿਹਾ ਕਿ ਸਰਕਾਰ ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਹੀ ਪਵੇਗਾ, ਕਿਉਂਕਿ ਅਦੋਲਨ ਪੁਰਾਣਾ ਹੋ ਜਾਵੇਗਾ ਅਤੇ ਸਰਕਾਰ ਦੇ ਆਖਿਰੀ ਦਿਨ ਹੋਣਗੇ ਅਤੇ ਸਰਕਾਰ ਦੇ ਕੋਲ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਿਨਾਂ ਕੋਈ ਚਾਰਾ ਹੀ ਨਹੀਂ ਰਹਿ ਜਾਵੇਗਾ।
ਗਾਜ਼ੀਪੁਰ ਮੰਚ ਤੋਂ ਗਰਜੇ ਜਗਤਾਰ ਸਿੰਘ ਬਾਜਵਾ
ਨਵੀਂ ਦਿੱਲੀ: ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨੇ ਮੰਚ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਤਰਾਖੰਡ ਵਿੱਚ ਕਿਸਾਨ ਲਹਿਰ ਨੂੰ ਘਰ-ਘਰ ਜਾ ਕੇ ਲਿਆਉਣ ਦੀ ਯੋਜਨਾ ਤਹਿਤ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਨੂੰ ਅੰਦੋਲਨ ਦੀ ਜਗ੍ਹਾ ’ਤੇ 3 ਦਿਨ ਤੇ ਮੋਬਾਈਲ’ ਤੇ 30 ਦਿਨ ਸਰਗਰਮ ਰਹਿਣ ਲਈ ਪ੍ਰੇਰਿਤ ਕੀਤਾ ਜਾਵੇ। 7 ਮਹੀਨਿਆਂ ਤੋਂ ਵੱਧ ਸਮੇਂ ਤੋਂ ਸੜਕਾਂ |ਤੇ ਬੈਠੇ ਕਿਸਾਨ ਮਜ਼ਦੂਰਾਂ ਨੇ ਇਸ ਸਰਕਾਰ ਨਾਲ ਲੰਬੀ ਲੜਾਈ ਲੜਨ ਦਾ ਮਨ ਬਣਾ ਲਿਆ ਹੈ ਮੌਜੂਦਾ ਸਰਕਾਰ ਜੋ ਲੋਕਤੰਤਰੀ ਵਿਰੋਧੀ ਹੈ ਤੇ ਸੰਵਿਧਾਨ ਦਾ ਸਤਿਕਾਰ ਨਹੀਂ ਕਰਦੀ, ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਪ੍ਰਤੀ ਆਸੰਵੇਦਨਸ਼ੀਲ ਹੈ। ਇਸ ਲਈ ਲਹਿਰ ਲੰਬੇ ਸਮੇਂ ਲਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਦੰਭ ਬੇਨਕਾਬ ਹੋ ਗਿਆ ਹੈ।
ਰਾਕੇਸ਼ ਟਿਕੈਤ ਵੱਡੇ ਕਾਫ਼ਲੇ ਨਾਲ ਸਿੰਘੂ ਹੱਦ ’ਤੇ ਪੁੱਜੇ
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਅੱਜ ਕਿਸਾਨਾਂ ਦੇ ਵੱਡੇ ਕਾਫ਼ਲੇ ਨਾਲ 3 ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦਾ ਧੁਰਾ ਬਣ ਚੁੱਕੇ ਸਿੰਘੂ ਬਾਰਡਰ ਦੇ ਮੋਰਚੇ ਉਪਰ ਪੁੱਜੇ। ਉਨ੍ਹਾਂ ਦਾ ਪਹਿਲਾਂ ਕਿਸਾਨਾਂ ਵੱਲੋਂ ਕੇਐਫਸੀ ਕੋਲ ਸਵਾਗਤ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਤੇ ਹੋਰ ਆਗੂਆਂ ਨੇ ਫੁੱਲਾਂ ਦੀ ਵਰਖ਼ਾ ਨਾਲ ਸਵਾਗਤ ਕੀਤਾ। ਇਸ ਮਗਰੋਂ ਕਿਸਾਨਾਂ ਦਾ ਕਾਫ਼ਲਾ ਮੋਰਚੇ ਦੀ ਮੁੱਖ ਸਟੇਜ ਤੱਕ ਪੁੱਜਾ ਜਿੱਥੇ ਸ੍ਰੀ ਟਿਕੈਤ ਨੇ ਕਿਸਾਨਾਂ ਦੇ ਹੌਸਲੇ ਵਧਾਏ ਤੇ ਕਿਸਾਨਾਂ ਨੂੰ ਲੰਬੀ ਲੜਾਈ ਲਈ ਲਾਮਬੰਦ ਕੀਤਾ।
ਕਿਸਾਨਾਂ ਦਾ ਵੱਡਾ ਕਾਫ਼ਲਾ ਅੱਜ ਸ਼ਾਮਲੀ, ਮੁਜ਼ੱਫਰਨਗਰ ਤੇ ਬਾਗਪਤ ਤੋਂ ਸਿੰਘੂ ਮੋਰਚੇ ’ਤੇ ਪਹੁੰਚਿਆ। ਬੀਤੀ ਰਾਤ ਇਹ ਕਾਫਲੇ ਸਹਾਰਨਪੁਰ ਟੌਲ ਪਲਾਜ਼ਾ ’ਤੇ ਪਹੁੰਚੇ। ਇਨ੍ਹਾਂ ਕਿਸਾਨਾਂ ਦੀ ਅਗਵਾਈ ਬੀਕੇਯੂ-ਟਿਕੈਤ ਦੇ ਆਗੂ ਕਰ ਰਹੇ ਹਨ। ਸਿੰਘੂ-ਬਾਰਡਰ ’ਤੇ ਸਦਭਾਵਨਾ ਮਿਸ਼ਨ ਤਹਿਤ ਸਿਹਤ ਕੈਂਪ ਸਥਾਨਕ ਲੋਕਾਂ ਦੀ ਮਦਦ ਕਰਨ ਦੇ ਨਾਲ-ਨਾਲ ਹਰ ਹਫਤੇ ਦੇ ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਅੱਖਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਤੇ ਐਤਵਾਰ ਨੂੰ ਦਿਲ ਦੀਆਂ ਬਿਮਾਰੀਆਂ ਲਈ ਹੈ।
ਨਵੀਂ ਖੇਤੀ ਮੰਤਰੀ ਵੀ ਪੁਰਾਣਾ ਰਾਗ ਹੀ ਅਲਾਪ ਰਹੀ ਹੈ: ਮੋਰਚਾ
ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਦੀ ਨਵੀਂ ਖੇਤੀਬਾੜੀ ਤੇ ਕਿਸਾਨ ਕਲਿਆਣ ਰਾਜ ਮੰਤਰੀ ਸ੍ਰੀਮਤੀ ਸ਼ੋਭਾ ਕਰੰਦਲਾਜੇ ਵੱਲੋਂ ਕਿਸਾਨ ਅੰਦੋਲਨ ਬਾਰੇ ਦਿੱਤੇ ਬਿਆਨ ਨੂੰ ਬੇਰਹਿਮ, ਸੰਵੇਦਨਹੀਣ ਤੇ ਹਲਕੀ ਮਾਨਸਿਕਤਾ ਵਾਲਾ ਕਰਾਰ ਦਿੱਤਾ ਹੈ। ਮੋਰਚੇ ਵੱਲੋਂ ਕੇਂਦਰੀ ਰਾਜ ਮੰਤਰੀ ਨੂੰ ਕਿਹਾ ਗਿਆ ਕਿ ਉਹ ਪਹਿਲਾਂ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਅੰਦੋਲਨ ਬਾਰੇ ਖ਼ੁਦ ਨੂੰ ‘ਅਪਡੇਟ’ ਕਰਨ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਜੋ ਪਹਿਲਾਂ ਵਾਲੇ ਮੰਤਰੀ ਅੰਦੋਲਨ ਬਾਰੇ ਬੋਲਦੇ ਸਨ ਉਹੀ ਕੁਝ ਨਵੀਂ ਮੰਤਰੀ ਨੇ ਅੰਦੋਲਨਕਾਰੀ ਕਿਸਾਨਾਂ ਬਾਰੇ ਕਿਹਾ ਹੈ ਤੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਬਾਰੇ ਸ੍ਰੀਮਤੀ ਸ਼ੋਭਾ ਨੂੰ ਅਪਡੇਟ ਹੋਣਾ ਚਾਹੀਦਾ ਹੈ। ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਨਵੀਂ ਮੰਤਰੀ ਨੂੰ ਕਿਸਾਨਾਂ ਦੇ ਕਲਿਆਣ ਦੀ ਕੋਈ ਚਿੰਤਾ ਨਹੀਂ ਹੈ ਸਗੋਂ ਉਹ ਕਾਰਪੋਰੇਟ ਦੇ ਆਪਣੇ ਅਕਾਵਾਂ ਅੱਗੇ ਗੋਡੇ ਟੇਕ ਰਹੀ ਹੈ।