ਨਵੀਂ ਦਿੱਲੀ (ਪੱਤਰ ਪ੍ਰੇਰਕ): ਅਕਸ਼ਰਧਾਮ ਮੈਟਰੋ ਸਟੇਸ਼ਨ ’ਤੇ ਵੀਰਵਾਰ ਸਵੇਰੇ ਉਸ ਸਮੇਂ ਭਗਦੜ ਮਚ ਗਈ ਜਦੋਂ 25 ਸਾਲਾ ਮੁਟਿਆਰ ਵੱਲੋਂ ਕੰਧ ਦੇ ਕਿਨਾਰੇ ਤੋਂ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਖੁਸ਼ਕਿਸਮਤੀ ਨਾਲ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੇ ਇੱਕ ਮੈਂਬਰ ਨੇ ਉਸ ਨੂੰ ਦੇਖਿਆ ਅਤੇ ਤੁਰੰਤ ਸ਼ਿਫਟ ਕਮਾਂਡਰ ਨੂੰ ਦੱਸਿਆ। ਉਹ ਮੌਕੇ ’ਤੇ ਪਹੁੰਚੇ ਅਤੇ ਔਰਤ ਨੂੰ ਹੇਠਾਂ ਆਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਔਰਤ ਨੇ ਉਨ੍ਹਾਂ ਦੀਆਂ ਬੇਨਤੀਆਂ ਵੱਲ ਧਿਆਨ ਨਾ ਦਿੱਤਾ ਤੇ ਸੰਕੇਤ ਦਿੱਤਾ ਕਿ ਉਹ ਕਿਨਾਰੇ ਤੋਂ ਵਾਪਸ ਨਹੀਂ ਆਵੇਗੀ।
ਸ਼ਿਫਟ ਇੰਚਾਰਜ ਨੇ ਤੁਰੰਤ ਸਟੇਸ਼ਨ ਕੰਟਰੋਲਰ, ਮੈਟਰੋ ਕੰਟਰੋਲ, ਕਲੱਸਟਰ ਇੰਸਪੈਕਟਰ ਅਤੇ ਲਾਈਨ ਇੰਚਾਰਜ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਤੁਰੰਤ ਸਥਾਨਕ ਪੁਲੀਸ ਨੂੰ ਇਤਲਾਹ ਦੇ ਕੇ ਐਂਬੂਲੈਂਸ ਦਾ ਪ੍ਰਬੰਧ ਕੀਤਾ। ਸ਼ਿਫਟ ਮੈਨੇਜਰ ਅਤੇ ਗੁਆਂਢੀ ਮਾਲ ਦੇ ਚਾਰ ਕਰਮਚਾਰੀ ਹੇਠਾਂ ਜ਼ਮੀਨ ’ਤੇ ਚਲੇ ਗਏ ਅਤੇ ਔਰਤ ਨੂੰ ਬਚਾਉਣ ਲਈ ਇੱਕ ਵੱਡਾ ਕੰਬਲ ਵਿਛਾ ਦਿੱਤਾ। ਉਨ੍ਹਾਂ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ, ਔਰਤ ਨੇ ਕਿਨਾਰੇ ਤੋਂ ਛਾਲ ਮਾਰ ਦਿੱਤੀ ਪਰ ਟੀਮ ਨੇ ਉਸ ਨੂੰ ਬਚਾਅ ਲਿਆ। ਉਸ ਨੂੰ ਹੋਰ ਦੇਖਭਾਲ ਅਤੇ ਇਲਾਜ ਲਈ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਲਿਜਾਇਆ ਗਿਆ। ਰਿਪੋਰਟਾਂ ਮੁਤਾਬਕ ਔਰਤ ਹੋਸ਼ ਵਿੱਚ ਹੈ ਪਰ ਉਸ ਦੀ ਸੱਜੀ ਲੱਤ ’ਤੇ ਸੱਟ ਲੱਗੀ ਹੈ।