ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਮਈ
ਦਿੱਲੀ ਜਲ ਬੋਰਡ ਦੇ ਦੋ ਕਰਮਚਾਰੀਆਂ ਨੇ ਬੁਰਾੜੀ ਦੇ ਸੰਤ ਨਗਰ ਖੇਤਰ ਵਿੱਚ ਇੱਕ ਝਗੜੇ ਤੋਂ ਬਾਅਦ ਕਥਿਤ ਤੌਰ ’ਤੇ ਇੱਕ ਸਾਥੀ ਨੂੰ ਚਾਕੂ ਮਾਰ ਦਿੱਤਾ। ਪੁਲੀਸ ਨੇ ਕਿਹਾ ਕਿ ਮੌਕੇ ’ਤੇ ਭੇਜੇ ਗਏ ਇੱਕ ਹੈੱਡ ਕਾਂਸਟੇਬਲ ’ਤੇ ਵੀ ਇੱਕ ਮੁਲਜ਼ਮ ਨੇ ਹਮਲਾ ਕੀਤਾ। ਪੁਲੀਸ ਨੇ ਦੱਸਿਆ ਕਿ ਐਤਵਾਰ ਨੂੰ ਵਾਪਰੀ ਘਟਨਾ ਦੇ ਦੋ ਮੁਲਜ਼ਮਾਂ ਵਿੱਚੋਂ ਇੱਕ ਵੀਰੇਂਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਦੂਜਾ ਬ੍ਰਿਜੇਸ਼ ਫ਼ਰਾਰ ਹੈ। ਸੁਨੀਲ (22) ਜਿਸ ਨੂੰ ਦੋ ਵਿਅਕਤੀਆਂ ਨਾਲ ਬਹਿਸ ਤੋਂ ਬਾਅਦ ਚਾਕੂ ਮਾਰ ਦਿੱਤਾ ਗਿਆ ਸੀ ਅਤੇ ਹੈੱਡ ਕਾਂਸਟੇਬਲ ਪ੍ਰਵੀਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡੀਸੀਪੀ (ਉੱਤਰੀ) ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਸਹਾਇਕ ਸਬ-ਇੰਸਪੈਕਟਰ ਸੰਜੀਵ ਨੇ ਸਵੈ-ਰੱਖਿਆ ਵਿੱਚ ਵੀਰੇਂਦਰ ਨੂੰ ਲੱਤ ਵਿੱਚ ਗੋਲੀ ਮਾਰ ਦਿੱਤੀ ਸੀ। ਵੀਰੇਂਦਰ ਨੂੰ ਵੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਏਐੱਸਆਈ ਸੰਜੀਵ ਤੇ ਹੈੱਡ ਕਾਂਸਟੇਬਲ ਪ੍ਰਵੀਨ ਮੌਕੇ ’ਤੇ ਭੇਜੀ ਗਈ ਪੁਲੀਸ ਟੀਮ ਦਾ ਹਿੱਸਾ ਸਨ। ਇਸ ਸਬੰਧੀ ਬੁਰਾੜੀ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।