ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਅਪਰੈਲ
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਵਿਧਾਇਕ ਆਤਿਸ਼ੀ ਨੇ ਕਿਹਾ ਕਿ ਭਾਜਪਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਪਰਿਵਾਰ ’ਤੇ ਹਮਲਾ ਕਰਨ ਵਾਲੇ ਗੁੰਡਿਆਂ ਨੂੰ ਸਨਮਾਨਤ ਕੀਤਾ ਹੈ। ਅਜਿਹਾ ਕਰਕੇ ਭਾਜਪਾ ਨੇ ਦੇਸ਼ ਨੂੰ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ ਹੈ ਕਿ ਇਹ ਗੁੰਡਿਆਂ ਦੀ ਪਾਰਟੀ ਹੈ। ਭਾਜਪਾ ਦਿੱਲੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਸੂਬਾ ਦਫ਼ਤਰ ਵਿੱਚ ਇਨ੍ਹਾਂ ਸਾਰੇ ਨੂੰ ਹਾਰ ਪਾ ਕੇ ਸਨਮਾਨਤ ਕੀਤਾ ਤੇ ਪ੍ਰਸੰਸਾ ਕੀਤੀ। ਇਹ ਭਾਰਤੀ ਜਨਤਾ ਪਾਰਟੀ ਨਹੀਂ, ਇਹ ਭਾਰਤੀ ‘ਗੁੰਡਾ’ ਪਾਰਟੀ ਹੈ, ਜੋ ਗੁੰਡਿਆਂ, ਬਲਾਤਕਾਰੀਆਂ ਨੂੰ ਸਨਮਾਨਤ ਕਰਦੀ ਹੈ ਅਤੇ ਅੱਗੇ ਵਧਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਇਨ੍ਹਾਂ ਗੁੰਡਿਆਂ ਨੂੰ ਸਨਮਾਨਿਤ ਕਰਕੇ ਦੇਸ਼ ਭਰ ਦੇ ਆਪਣੇ ਵਰਕਰਾਂ ਨੂੰ ਇਹ ਸੰਕੇਤ ਦੇ ਦਿੱਤਾ ਹੈ ਕਿ ਤੁਸੀਂ ਜਿੰਨੀ ਗੁੰਡਾਗਰਦੀ ਕਰੋਗੇ, ਭਾਜਪਾ ਉਨੀ ਹੀ ਅੱਗੇ ਲੈ ਕੇ ਜਾਵੇਗੀ। ਭਾਜਪਾ ਦੇ 50 ਨੇਤਾਵਾਂ ’ਤੇ ਛੇੜਛਾੜ, ਬਲਾਤਕਾਰ, ਗੁੰਡਾਗਰਦੀ ਸਮੇਤ ਹਰ ਤਰ੍ਹਾਂ ਦੇ ਦੋਸ਼ ਹਨ। ਪੂਰੇ ਦੇਸ਼ ਦੇ ਸਾਹਮਣੇ ਦੋ ਵਿਕਲਪ ਹਨ, ਇੱਕ ਪਾਸੇ ਗੁੰਡਿਆਂ ਦੀ ਪਾਰਟੀ ਭਾਜਪਾ ਹੈ ਅਤੇ ਦੂਜੇ ਪਾਸੇ ਇਮਾਨਦਾਰ, ਪੜ੍ਹੇ ਲਿਖੇ ਲੋਕਾਂ ਦੀ ਆਮ ਆਦਮੀ ਪਾਰਟੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਆਤਿਸ਼ੀ ਨੇ ਅੱਜ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ 31 ਮਾਰਚ ਨੂੰ ਭਾਜਪਾ ਸੰਸਦ ਮੈਂਬਰ ਤੇਜਸਵੀ ਸੂਰਿਆ ਦੀ ਅਗਵਾਈ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਹਮਲਾ ਕੀਤਾ ਗਿਆ ਸੀ। ਇਸ ਵਿੱਚ ਕਈ ਭਾਜਪਾ ਵਰਕਰ ਸ਼ਾਮਲ ਸਨ। ਮੁੱਖ ਮੰਤਰੀ ਦੀ ਰਿਹਾਇਸ਼ ‘ਚ ਦਾਖਲ ਹੋ ਕੇ ਉਨ੍ਹਾਂ ਦੇ ਪਰਿਵਾਰ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੂਮ ਬੈਰੀਅਰ ਅਤੇ ਸੀਸੀਟੀਵੀ ਕੈਮਰੇ ਤੋੜ ਦਿੱਤੇ ਗਏ ਅਤੇ ਘਰ ਦੇ ਦਰਵਾਜ਼ੇ ’ਤੇ ਹਮਲਾ ਕੀਤਾ ਗਿਆ।
ਭਾਜਪਾ ਵੱਲੋਂ ਆਤਿਸ਼ੀ ’ਤੇ ਪਲਟਵਾਰ
ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਹੈ ਕਿ 30 ਮਾਰਚ ਦੇ ਪ੍ਰਦਰਸ਼ਨ ਵਿੱਚ ਭਾਜਪਾ ਦੇ ਵਰਕਰਾਂ ਵੱਲੋਂ ਮੁੱਖ ਮੰਤਰੀ ਵਿਰੁੱਧ ਕੋਈ ਹਿੰਸਾ ਨਹੀਂ ਕੀਤੀ ਗਈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਸੱਟ ਵੱਜੀ ਹੈ। ਸਾਡਾ ਵਿਰੋਧ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕਸ਼ਮੀਰੀ ਹਿੰਦੂਆਂ ਦੇ ਅਪਮਾਨ ਦੇ ਖਿਲਾਫ ਸੀ ਅਤੇ ਅਸੀਂ ਦੁਬਾਰਾ ਮੰਗ ਕਰਦੇ ਹਾਂ ਕਿ ਅਰਵਿੰਦ ਕੇਜਰੀਵਾਲ ਨੂੰ ਕਸ਼ਮੀਰੀ ਹਿੰਦੂ ਸਮਾਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਦਿੱਲੀ ਭਾਜਪਾ ਦੇ ਬੁਲਾਰੇ ਨੇ ‘ਆਪ’ ਵਿਧਾਇਕਾ ਸ੍ਰੀਮਤੀ ਆਤਿਸ਼ੀ ਵੱਲੋਂ ਪ੍ਰੈੱਸ ਕਾਨਫਰੰਸ ਬੁਲਾਉਣ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀਮਤੀ ਆਤਿਸ਼ੀ ਅਤੇ ਹੋਰ ‘ਆਪ’ ਨੇਤਾਵਾਂ ਨੂੰ ਦੱਸਣਾ ਚਾਹੀਦਾ ਹੈ ਕਿ ਕਤਲ ਕੇਸ ਦਾ ਸਾਹਮਣਾ ਕਰ ਰਹੇ ਵਿਧਾਇਕ ਪ੍ਰਕਾਸ਼ ਜਰਵਾਲ ਨੂੰ ਕੀ ਕਿਹਾ ਜਾਵੇਗਾ। ਆਤਿਸ਼ੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਉਸ ਪਾਰਟੀ ਨਾਲ ਸਬੰਧਤ ਹੈ, ਜਿਸ ਨੇ ਜਰਨੈਲ ਸਿੰਘ ਨੂੰ ਵਿਧਾਇਕ ਬਣਾਇਆ ਸੀ, ਜਿਸ ਨੇ ਦੇਸ਼ ਦੇ ਗ੍ਰਹਿ ਮੰਤਰੀ ’ਤੇ ਜੁੱਤੀ ਸੁੱਟੀ ਸੀ।