ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਜੂਨ
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਸਿੰਘੂ ਤੇ ਕੁੰਡਲੀ ਖੇਤਰ ਵਿੱਚ ਪੈਂਦੇ ਪੇਂਡੂ ਇਲਾਕੇ ਦੇ ਕਿਸਾਨਾਂ ਤੇ ਮੋਹਤਬਰਾਂ ਨਾਲ ਬੈਠਕ ਕੀਤੀ ਗਈ ਜਿਸ ਵਿੱਚ ਇਲਾਕੇ ਵਿੱਚ ਸਦਭਾਵਨਾ ਬਣਾਈ ਰੱਖਣ ਲਈ ਚੁੱਕੇ ਗਏ ਕਦਮਾਂ ਬਾਰੇ ਚਰਚਾ ਕੀਤੀ ਗਈ।
ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਉਕਤ ਇਲਾਕਿਆਂ ਵਿੱਚ ਵੀ ਕੁਝ ਲੋਕ ਹਨ ਜੋ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਮੀਡੀਆ ਦੇ ਇੱਕ ਹਿੱਸੇ ਵੱਲੋਂ ਕਥਿਤ ਦੋਸ਼ ਲਾਉਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਲਾਕਿਆਂ ਵਿੱਚ ਚੌਪਾਲਾਂ, ਪੰਚਾਇਤਾਂ, ਖਾਪਾਂ, ਮੈਡੀਕਲ ਕੈਂਪ ਲੱਗਣਗੇ ਤੇ ਮੋਟਰਸਾਈਕਲ ਰੈਲੀਆਂ ਕੀਤੀਆਂ ਜਾਣਗੀਆਂ। ‘ਸਦਭਾਵਨਾ ਮਿਸ਼ਨ’ ਤਹਿਤ ਇਕ ਕਮੇਟੀ ਬਣ ਗਈ ਹੈ। 27 ਜੂਨ ਨੂੰ ਸਦਭਾਵਨਾ ਮਿਸ਼ਨ ਦਿਵਸ ਮਨਾਇਆ ਜਾਵੇਗਾ। ਧਰਨੇ ਦੇ ਨੇੜੇ ਦਿੱਲੀ ਦੇ ਪਿੰਡਾਂ ਤੇ ਹਰਿਆਣਾ ਦੇ ਹਿੱਸੇ ਦੇ ਪਿੰਡਾਂ ਦੀ ਸੂਚੀ ਬਣਾਈ ਜਾਵੇਗੀ। ਲੋਕਲ ਲੋਕਾਂ ਨੇ ਅੱਜ ਮੋਰਚੇ ਦੇ ਆਗੂਆਂ ਨਾਲ ਮੁਲਾਕਾਤ ਕਰਕੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਤੇ ਉਨ੍ਹਾਂ ਕਿਹਾ ਕਿ ਜੋ ਵਿਰੋਧ ਕਰ ਰਹੇ ਹਨ ਉਹ ਸੱਤਾਧਾਰੀ ਧਿਰ ਦੇ ਨੇੜੇ ਹਨ। ਹਰਿਆਣਵੀ ਕਿਸਾਨਾਂ ਨੇ ਕਿਹਾ ਕਿ ਮੋਰਚੇ ਨਾਲ ਮੋਢਾ ਜੋੜ ਕੇ ਖਾਪਾਂ ਸਾਥ ਦੇਣਗੀਆਂ। ਪ੍ਰੈਸ ਕਾਨਫਰੰਸ ਦੌਰਾਨ ਮੋਰਚੇ ਦੇ ਆਗੂਆਂ ਸਮੇਤ ਹਰਿਆਣਾ ਦੇ ਲੋਕਲ ਆਗੂ ਸ਼ਾਮਲ ਸਨ। ਚੇਤੇ ਰਹੇ ਰਾਈ (ਸੋਨੀਪਤ) ਦੇ ਕੁੱਝ ਪਿੰਡਾਂ ਵਿੱਚ ਪੰਚਾਇਤਾਂ ਕਰਕੇ ਮੋਰਚੇ ਕਾਰਨ ਬੰਦ ਸੜਕਾਂ ਨੂੰ ਖੋਲ੍ਹਣ ਦੀ ਮੁਹਿੰਮ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।