ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਨਵੰਬਰ
ਦਿੱਲੀ ਪੁਲੀਸ ਨੇ ਸਾਬਕਾ ਕਾਂਗਰਸੀ ਵਿਧਾਇਕ ਆਸਿਫ਼ ਮੁਹੰਮਦ ਖਾਨ ਨੂੰ ਦੱਖਣੀ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ ਦੱਖਣ-ਪੂਰਬੀ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਕਥਿਤ ਤੌਰ ’ਤੇ ਕੁੱਟਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਖਾਨ ਨੇ ਕਥਿਤ ਤੌਰ ’ਤੇ ਗਾਲ੍ਹਾਂ ਕੱਢੀਆਂ ਤੇ ਸਟਾਫ ਨੂੰ ਡੰਡਿਆਂ ਨਾਲ ਕੁੱਟਿਆ, ਜਿਨ੍ਹਾਂ ਨੇ ਕਥਿਤ ਤੌਰ ’ਤੇ ਖੇਤਰ ਤੋਂ ਉਸ ਦੇ ਹੋਰਡਿੰਗ ਤੇ ਪੋਸਟਰ ਹਟਾ ਦਿੱਤੇ ਸਨ। ਦੱਸਣਯੋਗ ਹੈ ਕਿ ਇਹ ਘਟਨਾ ਵੀਰਵਾਰ ਨੂੰ ਵਾਪਰੀ ਸੀ ਜਿਸਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ। ਵੀਡੀਓ ’ਚ ਖਾਨ ਚਾਰ ਲੋਕਾਂ ਨੂੰ ਡੰਡੇ ਨਾਲ ਕੁੱਟਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਉਸਨੂੰ ਇਹ ਕਹਿੰਦੇ ਸੁਣਿਆ ਗਿਆ ਹੈ, ‘‘ਇਹ ‘ਆਪ’ ਦੇ ਲੋਕ ਇੱਥੇ ਆਉਂਦੇ ਹਨ ਤੇ ਸਾਡੇ (ਕਾਂਗਰਸ) ਦੇ ਪੋਸਟਰ ਹਟਾ ਦਿੰਦੇ ਹਨ।’’ ਦਿੱਲੀ ਪੁਲੀਸ ਨੇ ਉਸ ’ਤੇ ਆਈਪੀਸੀ ਦੀਆਂ ਧਾਰਾਵਾਂ 353 (ਲੋਕ ਸੇਵਕ ’ਤੇ ਹਮਲਾ ਕਰਨਾ), 332 (ਸਵੈ-ਇੱਛਾ ਨਾਲ ਜਨਤਕ ਸੇਵਕ ਨੂੰ ਨੁਕਸਾਨ ਪਹੁੰਚਾਉਣਾ), 186 (ਡਿਊਟੀ ਦੇ ਕੰਮ ’ਚ ਸਰਕਾਰੀ ਕਰਮਚਾਰੀ ਨੂੰ ਰੋਕਣਾ) ਆਦਿ ਦੇ ਤਹਿਤ ਸ਼ਾਹੀਨ ਬਾਗ ਥਾਣੇ ’ਚ ਮਾਮਲਾ ਦਰਜ ਕੀਤਾ ਹੈ। ਡੀਸੀਪੀ (ਦੱਖਣ-ਪੂਰਬ) ਈਸ਼ਾ ਪਾਂਡੇ ਨੇ ਕਿਹਾ ਕਿ ਲਾਜਪਤ ਨਗਰ ਜ਼ੋਨ ਦੇ ਐੱਮਸੀਡੀ ਇੰਸਪੈਕਟਰ ਰਾਮ ਕਿਸ਼ੋਰ ਨੇ ਘਟਨਾ ਬਾਰੇ ਸ਼ਿਕਾਇਤ ਕੀਤੀ ਹੈ, ਉਸਨੇ ਸ਼ਿਕਾਇਤ ਕੀਤੀ ਕਿ ਖਾਨ ਨੇ ਡਿਊਟੀ ’ਤੇ ਤਾਇਨਾਤ ਐੱਮਸੀਡੀ ਸਟਾਫ ਨਾਲ ਦੁਰਵਿਵਹਾਰ ਕੀਤਾ, ਕੁੱਟਮਾਰ ਕੀਤੀ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਇਆ। ਖਾਨ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।