ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਸਤੰਬਰ
ਦੇਸ਼ ਭਰ ਵਿੱਚ ਖੱਬੀਆਂ ਤੇ ਹੋਰ ਧਿਰਾਂ ਨਾਲ ਜੁੜੀਆਂ ਆਂਗਣਵਾੜੀ ਤੇ ਆਸ਼ਾ ਵਰਕਰਾਂ ਵੱਲੋਂ ਮਾਣ ਭੱਤਿਆਂ ਵਿੱਚ ਵਾਧਾ ਤੇ ਹੋਰ ਮੰਗਾਂ ਸਬੰਧੀ ਕੌਮੀ ਪੱਧਰ ਉਪਰ ਕੀਤੇ ਗਏ ਰੋਸ ਪ੍ਰਦਰਸ਼ਨਾਂ ਦੀ ਲੜੀ ਤਹਿਤ ਦਿੱਲੀ ਵਿੱਚ ਵੀ ਅਜਿਹਾ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਹਿੱਸਾ ਲਿਆ। ਉਨ੍ਹਾਂ ਸਿਹਤ ਖੇਤਰ ਵਿੱਚ ਆਖ਼ਰੀ ਟੰਬੇ ਉਪਰ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਦੀ ਸਾਰ ਲੈਣ ਦੀ ਮੰਗ ਸਰਕਾਰਾਂ ਤੋਂ ਕੀਤੀ। ਟਰੇਡ ਯੂਨੀਅਨ ਆਗੂ ਅਮਰਜੀਤ ਕੌਰ ਨੇ ਕਿਹਾ ਕਿ ਵਰਕਰਜ਼ ਫੈਡਰੇਸ਼ਨ ਦੇ ਸਾਂਝੇ ਪਲੇਟਫਾਰਮ ਨੇ ਆਸ਼ਾ ਤੇ ਆਂਗਣਵਾੜੀ ਵਰਕਰਾਂ ਨੇ ਕੋਵਿਡ ਡਿਊਟੀ ਦੌਰਾਨ ਜ਼ੋਖਮ ਭੱਤੇ ਅਤੇ ਬੀਮਾ ਸੁਰੱਖਿਆ ਦੀ ਮੰਗ ਅਤੇ ਨਿਯੁਕਤੀਆਂ ਨੂੰ ਨਿਯਮਤ ਕਰਨ ਲਈ ਹੜਤਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਰਾਜਾਂ ਵਿੱਚ ਆਸ਼ਾ ਵਰਕਰ ਕਰੋਨਾਵਾਇਰਸ ਮਹਾਮਾਰੀ ਦੇ ਸ਼ੁਰੂ ਹੋਣ ਦੇ ਬਾਅਦ ਤੋਂ ਉਨ੍ਹਾਂ ਦੇ ਕੰਮ ਦੇ ਹਾਲਾਤ ਤੇ ਘੱਟ ਤਨਖਾਹਾਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ। ਮਰੀਜ਼ਾਂ ਦੇ ਨੇੜਲੇ ਸੰਪਰਕਾਂ ਨੂੰ ਟਰੈਕ ਕਰਨਾ ਆਸ਼ਾ ਵਰਕਰਾਂ ਦੀ ਜ਼ਿੰਮੇਵਾਰੀ ਹੈ। ਨਾਲ ਹੀ ਰੋਜ਼ਾਨਾ, ਉਨ੍ਹਾਂ ਨੂੰ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ, ਗਰਭਵਤੀ ਔਰਤਾਂ ਤੇ ਮਾਵਾਂ ਦੇ ਸਿਹਤ ਦੇ ਅਪਡੇਟ ਰੱਖਣੇ ਪੈਂਦੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਉਨ੍ਹਾਂ ਦੇ ਕੋਵਿਡ-19 ਭੱਤੇ ਨਹੀਂ ਮਿਲ ਰਹੇ।